ਪੁਲਵਾਮਾ ’ਚ ਅੱਤਵਾਦੀਆਂ ਵੱਲੋਂ ਸੀ.ਆਈ.ਡੀ. ਅਧਿਕਾਰੀ ਦਾ ਕਤਲ

ਸ੍ਰੀਨਗਰ – ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅਤਵਾਦੀਆਂ ਨੇ ਇਕ ਸੀ.ਆਈ.ਡੀ. ਅਧਿਕਾਰੀ ਇਮਤਿਆਜ਼ ਅਹਿਮਦ ਮੀਰ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਦੇ ਬਾਅਦ ਪੁਲਿਸ ਨੇ ਪੁਲਵਾਮਾ ਦੇ ਛੇਵਾ ਕਲਾਂ ਇਲਾਕੇ ’ਚ ਇਮਤਿਆਜ਼ ਅਹਿਮਦ ਦੀ ਲਾਸ਼ ਅਤੇ ਉਨ੍ਹਾਂ ਦੀ ਕਾਰ ਬਰਾਮਦ ਕੀਤੀ ਹੈ।ਪੁਲਿਸ ਮੁਤਾਬਿਕ ਜਦੋਂ ਉਸ ਨੂੰ ਮਾਰਿਆ ਗਿਆ ਤਾਂ ਉਹ ਆਪਣੇ ਘਰ ਜਾ ਰਿਹਾ ਸੀ। ਉਸ ਨੇ ਅੱਤਵਾਦੀਆਂ ਨੂੰ ਚਕਮਾ ਦੇਣ ਲਈ ਆਪਣੀ ਦਾੜੀ ਕਟ ਕੇ ਆਪਣੀ ਪਛਾਣ ਬਦਲਣ ਦੀ ਵੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਆਪਣੇ ਪਿੰਡ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਸਕੇ, ਪਰ ਅੱਤਵਾਦੀਆਂ ਨੇ ਉਸ ਨੂੰ ਪਛਾਣ ਕੇ ਉਸ ਨੂੰ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ 2010 ਪੁਲਿਸ ਬੈਚ ’ਚ ਬਤੌਰ ਸਬ ਇੰਸਪੈਕਟਰ ਵਜੋਂ ਭਰਤੀ ਹੋਇਆ ਮੀਰ ਸਾਬਕਾ ਪੁਲਿਸ ਅਧਿਕਾਰੀ ਦਾ ਬੇਟਾ ਹੈ ਅਤੇ ਪਿੱਛੇ ਆਪਣੇ ਮਾਂ ਬਾਪ ਛੱਡ ਗਿਆ ਹੈ। ਇੱਕ ਹੋਰ ਘਟਨਾ ਵਿੱਚ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਅੱਤਵਾਦੀ ਹਮਲੇ ’ਚ ਸੂਬਾ ਪੁਲਿਸ ਦਾ ਇਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸ. ਪੀ.ਓ.) ਜ਼ਖ਼ਮੀ ਹੋ ਗਿਆ। ਅਧਿਕਾਰਕ ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਚਰਾਰ-ਏ-ਸ਼ਰੀਫ ਇਲਾਕੇ ’ਚ ਕਲ੍ਹ ਰਾਤੀਂ ਕੁਝ ਅੱਤਵਾਦੀਆਂ ਨੇ ਸੂਬਾ ਪੁਲਿਸ ਦੇ ਇਕ ਐਸ. ਪੀ. ਓ. ਮੁਹੰਮਦ ਹਫੀਜ ਦੇ ਘਰ ’ਚ ਦਾਖ਼ਲ ਹੋ ਕੇ ਉਨ੍ਹਾਂ ’ਤੇ ਹਮਲਾ ਕਰ ਦਿਤਾ।ਇਸ ਹਮਲੇ ’ਚ ਐਸ. ਪੀ. ਓ. ਮੁਹੰਮਦ ਹਫੀਜ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ, ਜਿਥੋਂ ਬਾਅਦ ’ਚ ਉਨ੍ਹਾਂ ਨੂੰ ਸ੍ਰੀਨਗਰ ਦੇ ਇੱਕ ਹਸਪਤਾਲ ’ਚ ਭੇਜ ਦਿਤਾ ਗਿਆ। ਹਮਲੇ ਤੋਂ ਬਾਅਦ ਹਨੇਰੇ ਦਾ ਫ਼ਾਇਦਾ ਚੁਕ ਕੇ ਅਤਵਾਦੀ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਫੜਨ ਲਈ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

VIA PUNJAB