- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬੀ ਸੂਬਾ ਦਿਹਾੜੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਘੀ ਢਾਂਚੇ ਦੀ ਲੋੜ ‘ਤੇ ਜ਼ੋਰ ਦਿੱਤਾ
ਚੰਡੀਗੜ੍ਹ, 1 ਨਵੰਬਰ (ਤਲਵਿੰਦਰ ਸਿੰਘ ਬੁੱਟਰ)
ਅੱਜ ਪੰਜਾਬੀ ਸੂਬਾ ਦਿਹਾੜੇ ਮੌਕੇ ਇਕ ਮਹੱਤਵਪੂਰਨ ਸਿਆਸੀ ਪ੍ਰਤੀਕਿਰਿਆ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਕੌਮਾਂਤਰੀ ਪੱਧਰ ‘ਤੇ ਵੱਡੀ ਪੱਧਰ ‘ਤੇ ਚੱਲ ਰਹੀ ਉਥਲ-ਪੱਥਲ ਅਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿਚ ਚੱਲ ਰਹੀਆਂ ਵੱਖਵਾਦੀ ਤਹਿਰੀਰਾਂ ਦੇ ਮੱਦੇਨਜ਼ਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣ ਲਈ ਸੰਘੀ ਢਾਂਚਾ ਅਪਨਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨੂੰ ਕੇਵਲ ਏਕਤਾ ਵਿਚ ਅਨੇਕਤਾ ਅਤੇ ਵੰਨ-ਸੁਵੰਨਤਾ ਵਾਲਾ ਫਾਰਮੂਲਾ ਹੀ ਬਰਕਰਾਰ ਰੱਖ ਸਕਦਾ ਹੈ ਨਹੀਂ ਤਾਂ ਜਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਖਿੱਤਿਆਂ, ਸੂਬਿਆਂ ਦੀਆਂ ਬੋਲੀਆਂ ਨੂੰ ਮਾਰਿਆ ਜਾ ਰਿਹਾ ਹੈ, ਖੇਤਰੀ ਸੱਭਿਆਚਾਰਾਂ ਉੱਤੇ ਹਿੰਦੂਤਵ ਨੂੰ ਥੋਪਣ ਦੇ ਯਤਨ ਹੋ ਰਹੇ ਹਨ ਅਤੇ ਹਿੰਦੂ ਰਾਸ਼ਟਰ ਬਣਾਉਣ ਵਰਗੀਆਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹਨ, ਇਹ ਸਭ ਕੁਝ ਦੇਸ਼ ਦੀ ਅਖੰਡਤਾ ਲਈ ਖ਼ਤਰੇ ਪੈਦਾ ਕਰ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਾਰੀ ਕੀਤੇ ਲਿਖਤੀ ਬਿਆਨ ਵਿਚ ਆਖਿਆ ਹੈ ਕਿ 1947 ਦੀ ਵੰਡ ਵੇਲੇ ਭਾਰਤ ਦੀ ਹੋਂਦ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਬੋਲੀਆਂ ਅਤੇ ਖੇਤਰੀ ਵੰਨ-ਸੁਵੰਨਤਾ ਨੂੰ ਇਕ ਗੁਲਦਸਤੇ ਦੇ ਰੂਪ ਵਿਚ ਬਰਕਰਾਰ ਰੱਖਣ ਲਈ ਬਣੀ ਸੀ। ਦੇਸ਼ ਦੇ ਬਾਕੀ ਸੂਬਿਆਂ ਦਾ ਤਾਂ ਭਾਸ਼ਾਈ ਆਧਾਰ ‘ਤੇ ਪੁਨਰਗਠਨ ਕੀਤਾ ਗਿਆ ਪਰ ਜਦੋਂ ਪੰਜਾਬ ਨੇ ਭਾਸ਼ਾਈ ਆਧਾਰ ‘ਤੇ ਆਪਣਾ ਵਿਸ਼ੇਸ਼ ਦਰਜਾ ਮੰਗਿਆ ਤਾਂ ਇਸ ਨੂੰ ਵੱਖਵਾਦੀ ਭਾਵਨਾ ਕਹਿ ਕੇ ਭੰਡਿਆ ਗਿਆ ਅਤੇ ਦਮਨ ਦੇ ਨਾਲ ਦਬਾਇਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੱਤਾ ਦੀ ਸਰਪ੍ਰਸਤੀ ਹੇਠ ਦੇਸ਼ ਦੀ ਧਰਮ ਨਿਰਪੇਖ ਸ਼ਾਖ ਨੂੰ ਇਕ ਧਰਮ, ਇਕ ਬੋਲੀ ਵਾਲੇ ਰਾਸ਼ਟਰ ਵਿਚ ਬਦਲਣ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਹਨ, ਜਿਨ੍ਹਾਂ ਨੇ ਭਾਰਤ ਵਿਚ ਰਹਿ ਰਹੀਆਂ ਘੱਟ-ਗਿਣਤੀ ਕੌਮਾਂ ਅੰਦਰ ਬੇਵਿਸ਼ਵਾਸੀ ਅਤੇ ਖ਼ਤਰੇ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਧਰਮ ਨਿਰਪੇਖ ਦੇਸ਼ ਨੂੰ ਇਕ ਮਜ਼੍ਹਬ ਉੱਤੇ ਆਧਾਰਿਤ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਤਾਕਤਾਂ ਅਤੇ ਸਰਕਾਰਾਂ ਨੂੰ ਇਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਸੂਬੇ ‘ਤੇ ਕੌਣ ਰਾਜ ਕਰ ਰਿਹਾ ਹੈ, ਆਮ ਲੋਕਾਂ ਨੂੰ ਉਦੋਂ ਤੱਕ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਨ੍ਹਾਂ ਦੀ ਆਪਣੀ ਮਾਂ-ਬੋਲੀ, ਆਪਣੀ ਖੇਤਰੀ ਰਾਜਨੀਤੀ, ਆਪਣੇ ਸੱਭਿਆਚਾਰ ਅਤੇ ਮਨੁੱਖੀ ਅਧਿਕਾਰਾਂ ਲਈ ਖ਼ਤਰਾ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਜਿਵੇਂ ਕਿ ਮਨੀਪੁਰ, ਨਾਗਾਲੈਂਡ, ਅਸਾਮ, ਕਸ਼ਮੀਰ ਅਤੇ ਪੰਜਾਬ ਵਿਚ ਅਲਹਿਦਗੀ ਲਈ ਸਿਰ ਚੁੱਕ ਰਹੀਆਂ ਲਹਿਰਾਂ ਪਿੱਛੇ ਵੀ ਇਕ ਕਾਰਨ ਇਨ੍ਹਾਂ ਸੂਬਿਆਂ ਦੀ ਖੇਤਰੀ ਹੋਂਦ, ਬੋਲੀ, ਸੱਭਿਆਚਾਰ ਅਤੇ ਭੂਗੋਲਿਕ ਖਾਸੇ ਲਈ ਪੈਦਾ ਹੋ ਰਹੇ ਖ਼ਤਰੇ ਹਨ। ਉਨ੍ਹਾਂ ਮਿਸਾਲ ਦਿੰਦਿਆਂ ਆਖਿਆ ਕਿ ਮਰਾਠੀ ਅਤੇ ਬੰਗਾਲੀ ਬੋਲੀਆਂ ਨੂੰ ਰਾਸ਼ਟਰ ਭਾਸ਼ਾ ਹਿੰਦੀ ਵਿਚ ਜਜ਼ਬ ਕਰ ਲਿਆ ਗਿਆ ਹੈ ਅਤੇ ਕਾਫੀ ਹੱਦ ਤੱਕ ਹਰਿਆਣਵੀ ਬੋਲੀ ਵੀ ਪ੍ਰਭਾਵਿਤ ਹੋ ਚੁੱਕੀ ਹੈ, ਜੋ ਕਿ ਹਰਿਆਣਾ ਦੇ ਦੂਰ-ਦਰਾਜ ਅਤੇ ਪੇਂਡੂ ਖੇਤਰਾਂ ਵਿਚ ਹੀ ਬਚੀ ਹੈ ਜਦੋਂਕਿ ਹਰਿਆਣਾ ਦੇ ਮਹਾਂਨਗਰਾਂ ਤੇ ਵਿਕਸਿਤ ਸ਼ਹਿਰਾਂ ਵਿਚ ਹਿੰਦੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਬੋਲੀ ਭਾਵੇਂ ਕੋਈ ਵੀ ਬੁਰੀ ਨਹੀੰ ਹੁੰਦੀ ਪਰ ਹਰੇਕ ਖਿੱਤੇ ਦੇ ਲੋਕਾਂ ਦੀ ਪਛਾਣ ਤੇ ਖਾਸਾ ਉਨ੍ਹਾਂ ਦੀ ਮਾਂ-ਬੋਲੀ ‘ਤੇ ਹੀ ਨਿਰਭਰ ਹੁੰਦਾ ਹੈ ਅਤੇ ਜਦੋਂ ਉਨ੍ਹਾਂ ਦੀ ਆਪਣੀ ਬੋਲੀ ਖੋਹ ਲਈ ਜਾਵੇ ਤਾਂ ਉਹ ਆਪਣੀ ਹੋਂਦ ਬਣਾਉਣ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੇ ਚਾਰ ਦਹਾਕੇ ਪਹਿਲਾਂ ਹੀ ਦੇਸ਼ ਵਿਚ ਸੰਘੀ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਆਵਾਜ਼ ਚੁੱਕੀ ਸੀ ਪਰ ਜਬਰ ਦੇ ਨਾਲ ਉਸ ਨੂੰ ਦਬਾਅ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਸੰਯੁਕਤ ਰਾਜ ਅਮਰੀਕਾ, ਯੂਰਪ ਅਤੇ ਯੂ.ਕੇ. ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਆਖਿਆ ਕਿ ਇਹ ਸਥਾਪਿਤ ਅਤੇ ਸ਼ਕਤੀਸ਼ਾਲੀ ਦੇਸ਼ ਸੰਘੀ ਢਾਂਚੇ ਕਰਕੇ ਹੀ ਮਜ਼ਬੂਤ ਰਾਸ਼ਟਰ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਘੀ ਢਾਂਚਾ ਅਪਣਾ ਕੇ ਆਪਣੀ ਛਤਰ-ਛਾਇਆ ਹੇਠ ਭਾਸ਼ਾਈ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਵੰਨ-ਸੁਵੰਨਤਾ ਨੂੰ ਮੌਲਣ-ਵਿਗਸਣ ਦੇਣਾ ਚਾਹੀਦਾ ਹੈ।


