ਭਾਰਤ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਲਈ ਤਿਆਰ : ਵਿਦੇਸ਼ ਮੰਤਰਾਲਾ

ਨਿਊਯਾਰਕ ਵਿਖੇ ਕਰਤਾਰਪੁਰ ਲਾਂਘੇ ’ਤੇ ਵੀ ਗੱਲਬਾਤ ਦੀ ਸੰਭਾਵਨਾ

ਨਵੀਂ ਦਿੱਲੀ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਲਈ ਭਾਰਤ ਨੇ ਹਾਮੀ ਭਰ ਦਿਤੀ ਹੈ।ਵਿਦੇਸ਼ ਮੰਤਰਾਲੇ ਨੇ ਦਿਲੀ ’ਚ ਪ੍ਰੈਸ ਕਾਨਫਰੰਸ ’ਚ ਇਹ ਜਾਣਕਾਰੀ ਦਿਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ੍ਰੀ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਲਈ ਭਾਰਤ ਤਿਆਰ ਹੈ।ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਵੇਗੀ।ਇਸ ਬੈਠਕ ਦੀ ਤਰੀਕ ਅਤੇ ਸਮਾਂ ਦੋਵੇਂ ਦੇਸ਼ ਮਿਲ ਕੇ ਲੈਣਗੇ।ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਇਸ ਬੈਠਕ ਲਈ ਬੇਨਤੀ ਕੀਤੀ ਸੀ, ਜਿਸ ਨੂੰ ਭਾਰਤ ਨੇ ਮਨਜ਼ੂਰ ਕਰ ਲਿਆ ਹੈ। ਇਸ ਸਵਾਲ ‘ਤੇ ਕਿ ਬੈਠਕ ਦਾ ਏਜੰਡਾ ਕੀ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਸਿਰਫ ਬੈਠਕ ਹੋਵੇਗੀ, ਏਜੰਡਾ ਅਜੇ ਤੈਅ ਨਹੀਂ ਹੈ।ਹਾਲਾਂਕਿ ਉਨ੍ਹਾਂ ਬਿਆਨ ਦਿਤਾ ਕਿ ਬੈਠਕ ‘ਚ ਕਰਤਾਰਪੁਰ ਲਾਂਘੇ ਦੇ ਮੁਦੇ ‘ਤੇ ਗਲਬਾਤ ਹੋਵੇਗੀ, ਜਿਸ ‘ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ।ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ‘ਚ ਬੈਠਕ ਹੋਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਠੀ ਲਿਖ ਕੇ ਦੋਹਾਂ ਦੇਸ਼ਾਂ ਵਿਚਾਲੇ ਗਲਬਾਤ ਦਾ ਪ੍ਰਸਤਾਵ ਰਖਿਆ ਹੈ। ਇਮਰਾਨ ਨੇ ਚਿਠੀ ‘ਚ ਸ਼ਾਂਤੀ ਦੀ ਪਹਿਲ ਲਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੌਰਾਨ ਬੈਠਕ ਦਾ ਪ੍ਰਸਤਾਵ ਦਿਤਾ, ਜਿਸ ਤੋਂ ਬਾਅਦ ਭਾਰਤ ਨੇ ਇਸ ਨੂੰ ਮਨਜ਼ੂਰ ਕਰ ਲਿਆ।ਬੁਲਾਰੇ ਨੇ ਦਸਿਆ ਕਿ 1999 ਵਿਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੀ ਪਾਕਿਸਤਾਨ ਫੇਰੀ ਦੌਰਾਨ ਪਹਿਲੀ ਵਾਰ ਇਸ ਲਾਂਘੇ ਦਾ ਮੁਦਾ ਚੁਕਿਆ ਸੀ। ਫਿਰ ਪਹਿਲੀ ਸਤੰਬਰ 2004 ਨੂੰ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਰਪੁਰ ਸਾਹਿਬ ਗਲਿਆਰੇ ਦਾ ਮੁਦਾ ਚੁਕਿਆ ਸੀ।ਬੁਲਾਰੇ ਨੇ ਦਸਿਆ ਕਿ ਸਾਲ 2005 ਵਿਚ ਪਾਕਿਸਤਾਨ ਨੇ ਵੀਜ਼ਾ ਨਾਲ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਦੀ ਇਜਾਜ਼ਤ ਤਾਂ ਦੇ ਦਿਤੀ ਸੀ, ਪਰ ਵੀਜ਼ਾ ਰਹਿਤ ਪ੍ਰਣਾਲੀ ਨੂੰ ਹਾਲੇ ਤਕ ਮਨਜ਼ੂਰੀ ਨਹੀਂ ਦਿਤੀ।ਉਨ੍ਹਾਂ ਦਸਿਆ ਕਿ ਸਾਲ 2008 ਵਿਚ ਵਿਦੇਸ਼ ਮੰਤਰੀ ਨੇ ਵੀ ਇਸ ਮੁਦੇ ਨੂੰ ਚੁਕਿਆ ਸੀ, ਪਰ ਇਸ ‘ਤੇ ਪਾਕਿਸਤਾਨ ਸਰਕਾਰ ਵਲੋਂ ਕੋਈ ਵੀ ਅਧਿਕਾਰਤ ਜਵਾਬ ਨਹੀਂ ਦਿਤਾ ਗਿਆ ਹੈ।ਜ਼ਿਕਰਯੋਗ ਹੈ ਕਿ ਬੀਤੇ ਅਗਸਤ ਮਹੀਨੇ ਤੋਂ ਬਾਅਦ ਪੰਜਾਬ ਦੇ ਲੋਕਲ ਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਪਹਿਲਕਦਮੀ ਕਾਰਨ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਮੰਗ ਲਗਾਤਾਰ ਉਠ ਰਹੀ ਹੈ।

VIA PUNJAB