ਭਾਰੀ ਮੀਂਹ ਬਾਅਦ ਹੜ੍ਹਾਂ ਨੇ ਕੇਰਲਾ ਵਿੱਚ ਮਚਾਈ ਤਬਾਹੀ

ਕੋਚੀ – ਕੇਰਲਾ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੇ ਨਾਲ ਤਬਾਹੀ ਜਾਰੀ ਹੈ। ਪ੍ਰਸ਼ਾਸਨ ਨੇ 14 ਵਿੱਚੋਂ ਸੱਤ ਜ਼ਿਲ੍ਹਿਆਂ ਦੇ ਵਿੱਚ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕੇਰਲਾ ਵਿੱਚ ਹੜ੍ਹਾਂ ਕਾਰਨ ਹੁਣ ਤੱਕ 37 ਵਿਅਕਤੀ ਮਾਰੇ ਗਏ ਹਨ। ਹੜ੍ਹਾਂ ਨਾਲ ਸੂਬੇ ਦੇ ਵਿੱਚ 2547.66 ਏਕੜ ਜ਼ਮੀਨ ਦੇ ਫਸਲਾਂ ਵੱਡੀ ਪੱਧਰ ਉੱਤੇ ਤਬਾਹ ਹੋ ਗਈਆਂ ਹਨ। ਇਹ ਜਾਣਕਾਰੀ ਕੇਰਲਾ ਆਪਦਾ ਪ੍ਰਬੰਧਨ ਅਥਾਰਟੀ (ਕੇਐੱਸਡੀਐਮਏ) ਨੇ ਅੱਜ ਦਿੱਤੀ ਹੈ। ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਅਅਨ ਨੇ ਰਾਹਤ ਫੰਡ ਵਿੱਚ ਨਿਜੀ ਤੌਰ ਉੱਤੇ ਇੱਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੇ ਹਰ ਇੱਕ ਨੂੰ ਇਸ ਅਤਿ ਮੁਸ਼ਕਿਲ ਘੜੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਪੁਡੂਚੇਰੀ ਦੇ ਮੁੱਖ ਮੰਤਰੀ ਨੇ ਵੀ ਨਰਾਇਣਨਨ ਸਾਮੀ ਨੇ ਕੇਰਲਾ ਸਰਕਾਰ ਲਈ ਇੱਕ ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੇਰਲਾ ਵਿੱਚ ਬਾਰਿਸ਼ਾਂ ਕਾਰਨ ਹੋਈ ਤਬਾਹੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਲਈ ਢੁਕਵੀਂ ਸਹਾਇਤਾ ਰਾਸ਼ੀ ਜਾਰੀ ਕਰਨ ਦੇ ਲਈ ਪੱਤਰ ਲਿਖਿਆ ਹੈ। ਇਸ ਦੌਰਾਨ ਹੀ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਠ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਅਤਿ ਚੌਕਸੀ ਦੇ ਆਦੇਸ਼ ਦਿੱਤੇ ਗਏ ਹਨ ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੱਬਾਂ ਭਾਰ ਹੈ। ਇਸ ਦੌਰਾਨ ਹੀ ਕੇਡੀਐਮਏ ਦੇ ਮੁਖੀ ਪੀ ਐੱਚ ਕੁਰੀਅਨ ਨੇ ਦੱਸਿਆ ਕਿ ਅੱਜ ਡੈਮਾਂ ਦੇ ਉਪਰਲੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਏ ਤੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਪੁੱਜਣ ਦੀ ਉਮੀਦ ਹੈ। ਕੇਰਲਾ ਸਰਕਾਰ ਨੇ 25 ਡੈਮਾਂ ਦੇ ਬੰਨ੍ਹ ਖੋਲ੍ਹਣ ਦਾ ਫੈਸਲਾ ਲਿਆ ਹੈ। ਰਾਜ ਵਿੱਚ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

VIA PUNJAB