ਮਹਾਰਾਸ਼ਟਰ ਦੇ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਕਾਰਨ 22 ਮਰੀਜ਼ਾਂ ਦੀ ਮੌਤ

ਨਾਸਿਕ – ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਦੇ ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋ ਗਿਆ। ਜਿਸ ਤੋਂ ਬਾਅਦ ਭੱਜ-ਦੌੜ ਪੈ ਗਈ। ਇਸ ਹਾਦਸੇ ਵਿੱਚ 22 ਮਰੀਜ਼ਾਂ ਦੀ ਮੌਤ ਹੋ ਗਈ ਹੈ।ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੀਕੇਜ ਕਾਰਨ ਆਕਸੀਜਨ ਦੀ ਸਪਲਾਈ ਠੱਪ ਹੋ ਗਈ ਸੀ, ਜਿਸ ਕਾਰਨ ਵੈਂਟੀਲੇਟਰ ਤੇ ਮੌਜੂਦ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਪ੍ਰਸ਼ਾਸਨ ਵਲੋਂ ਲੀਕੇਜ ਦੀ ਜਾਂਚ ਕਰਵਾਈ ਜਾ ਰਹੀ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਦੋਂ ਹਸਪਤਾਲ ਵਿੱਚ 171 ਮਰੀਜ਼ ਸਨ। ਆਕਸੀਜਨ ਲੀਕ ਹੋਣ ਦੀ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਹਾਲਾਤ ਨੂੰ ਲੈ ਕੇ ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਦਾ ਕਹਿਣਾ ਹੈ ਕਿ ਲੀਕੇਜ ਨੂੰ ਕੰਟਰੋਲ ਕਰ ਲਿਆ ਗਿਆ।ਜਿਕਰਯੋਗ ਹੈ ਕਿ ਦੇਸ਼ ਵਿੱਚ ਇਸ ਸਮੇਂ ਆਕਸੀਜਨ ਦੀ ਭਾਰੀ ਕਿੱਲਤ ਚੱਲ ਰਹੀ ਹੈ। ਅਚਾਨਕ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਹੈ। ਕਈ ਸੂਬਿਆਂ ਵਿੱਚ ਆਕਸੀਜਨ ਕਾਫ਼ੀ ਮੁਸ਼ਕਲ ਨਾਲ ਮਿਲ ਰਹੀ ਹੈ, ਜਿਸ ਵਿੱਚ ਮਹਾਰਾਸ਼ਟਰ ਦਾ ਨਾਮ ਵੀ ਸ਼ਾਮਲ ਹੈ।

VIA PUNJAB