ਮਾਣਹਾਨੀ ਮਾਮਲਾ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਜੀਵ ਬੱਬਰ ਵਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਲਰੇਨਾ, ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਅਤੇ ਵਿਧਾਇਕ ਮਨੋਜ ਕੁਮਾਰ ਨੂੰ 10 ਹਜ਼ਾਰ ਦੇ ਨਿੱਜੀ ਮੁਚਲਕੇ ਤੇ ਜ਼ਮਾਨਤ ਦੇ ਦਿੱਤੀ ਹੈ, ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ| ਅੱਜ ਹੋਈ ਸੁਣਵਾਈ ਵਿੱਚ ਜੱਜ ਸਮਰ ਵਿਸ਼ਾਲ ਨੇ ਅਰਵਿੰਦ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ| ਭਾਜਪਾ ਨੇਤਾ ਰਾਜੀਵ ਬੱਬਰ ਦਾ ਦਾਅਵਾ ਹੈ ਕਿ ਇਨ੍ਹਾਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਦਿੱਲੀ ਵਿੱਚ ਵੋਟਰ ਸੂਚੀ ਤੋਂ ਵੋਟਰਾਂ ਦੇ ਨਾਂ ਕੱਟਵਾ ਦਿੱਤੇ ਹਨ, ਜਿਸ ਨਾਲ ਪਾਰਟੀ ਦੀ ਅਕਸ ਨੂੰ ਨੁਕਸਾਨ ਪੁੱਜਿਆ ਹੈ| ਇਸ ਤੋਂ ਪਹਿਲਾਂ ਕੋਰਟ ਨੇ ਬੱਬਰ ਵਲੋਂ ਕੇਜਰੀਵਾਲ ਅਤੇ ਹੋਰ ਵਿਰੁੱਧ ਦਾਇਰ ਮਾਣਹਾਨੀ ਦੀ ਸ਼ਿਕਾਇਤ ਤੇ ਨੋਟਿਸ ਲਿਆ ਸੀ| ਐਡਵੋਕੇਟ ਸੁਰੇਂਦਰ ਕੁਮਾਰ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਅਤੇ ਹੋਰ ਵਿਰੁੱਧ ਮਾਣਹਾਨੀ ਦਾ ਦਾਅਵਾ ਕੀਤਾ ਹੈ| ਦੋਸ਼ ਹੈ ਕਿ 2013 ਵਿੱਚ ਸ਼ਰਮਾ ਨੂੰ ਵਿਧਾਨ ਸਭਾ ਚੋਣਾਂ ਲੜਨ ਦਾ ਵਾਅਦਾ ਕੀਤਾ ਗਿਆ ਸੀ| ਇਸ ਲਈ ਉਨ੍ਹਾਂ ਨੇ ਅਰਜ਼ੀ ਵੀ ਦਿੱਤੀ ਪਰ ਬਾਅਦ ਵਿੱਚ ਟਿਕਟ ਨਹੀਂ ਦਿੱਤੀ ਗਈ| ਇਸ ਤੋਂ ਇਲਾਵਾ ਉਨ੍ਹਾਂ ਨੂੰ ਅਪਮਾਨਤ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਸੀ|

VIA PUNJAB