ਮਾਲਿਆ ਨੇ ਕੀਤਾ 13 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਹੋਣ ਦਾ ਦਾਅਵਾ

ਨਵੀਂ ਦਿੱਲੀ – ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਦੀ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਉਸ ਨੂੰ ਕਰਜ਼ ਦੇਣ ਵਾਲੇ ਬੈਂਕਾਂ ਨੇ ਇੰਗਲੈਂਡ ’ਚ ਆਪਣੇ ਵਕੀਲਾਂ ਨੂੰ ਉਸ ਖ਼ਿਲਾਫ਼ ਛੋਟੇ ਮੋਟੇ ਮਾਮਲੇ ਦਰਜ ਕਰਨ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਮਾਲਿਆ ਨੇ ਕਾਨੂੰਨੀ ਟੈਕਸ ਦੇ ਰੂਪ ’ਚ ਜਨਤਕ ਧਨ ਦੀ ਬੇਵਜ੍ਹਾ ਵਰਤੋਂ ’ਤੇ ਵੀ ਸਵਾਲ ਚੁੱਕਿਆ ਹੈ। ਸ਼ਰਾਬ ਕਾਰੋਬਾਰੀ ਨੇ ਟਵੀਟ ਕੀਤਾ, ‘ਹਰ ਸਵੇਰੇ ਮੈਨੂੰ ਪਤਾ ਲਗਦਾ ਹੈ ਕਿ ਡੀਆਰਟੀ ਦੇ ਵਸੂਲੀ ਅਧਿਕਾਰੀ ਨੇ ਇੱਕ ਹੋਰ ਜਾਇਜਾਦ ਜ਼ਬਤ ਕਰ ਲਈ ਹੈ। ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦੀ ਕੀਮਤ 13 ਕਰੋੜ ਰੁਪਏ ਤੋਂ ਪਾਰ ਕਰ ਗਈ ਹੈ। ਬੈਂਕਾਂ ਨੇ ਦਾਅਵਾ ਕੀਤਾ ਕਿ ਸਭ ਤਰ੍ਹਾਂ ਦੇ ਵਿਆਜਾਂ ਨੂੰ ਮਿਲਾ ਕੇ ਉਨ੍ਹਾਂ ਦਾ ਨੌਂ ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ ਅਤੇ ਇਸ ਦੀ ਸਮੀਖਿਆ ਕੀਤੀ ਜਾਣੀ ਹੈ। ਇਹ ਹੋਰ ਕਿੰਨਾ ਅੱਗੇ ਤੱਕ ਜਾਵੇਗਾ? ਕੀ ਇਹ ਇਨਸਾਫ਼ ਹੈ?’ ਉਨ੍ਹਾਂ ਕਿਹਾ ਕਿ ਇਸ ਪਾਸੇ ਕਿਹਾ ਜਾ ਰਿਹਾ ਹੈ ਕਿ ਉਹ ਨੌਂ ਹਜ਼ਾਰ ਕਰੋੜ ਰੁਪਏ ਲੈ ਕੇ ਭੱਜ ਗਿਆ ਹੈ ਜਿਸ ਨਾਲ ਸਰਕਾਰੀ ਬੈਂਕਾਂ ਨੂੰ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਉਸ ਦੀ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।

VIA PUNJAB