ਮੇਰੇ ’ਤੇ ‘ਦਬਾਅ’ ਪਾਉਣ ਦੀ ਕੋਸ਼ਿਸ਼ ਕੀਤੀ ਗਈ: ਜਸਟਿਸ ਬੈਨਰਜੀ

ਨਵੀਂ ਦਿੱਲੀ – ਸੁਪਰੀਮ ਕੋਰਟ ਦੀ ਜੱਜ ਜਸਟਿਸ ਇੰਦਰਾ ਬੈਨਰਜੀ ਨੇ ਇਥੇ ਇਕ ਖੁੱਲ੍ਹੀ ਅਦਾਲਤ ਵਿੱਚ ਖੁਲਾਸਾ ਕੀਤਾ ਕਿ ਹੋਟਲ ਰੌਇਲ ਪਲਾਜ਼ਾ ਨਾਲ ਸਬੰਧਤ ਇਕ ਕੇਸ ਵਿੱਚ ਉਨ੍ਹਾਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਸਟਿਸ ਅਰੁਨ ਮਿਸ਼ਰਾ ਅਤੇ ਜਸਟਿਸ ਬੈਨਰਜੀ ’ਤੇ ਆਧਾਰਤ ਬੈਂਚ 30 ਅਗਸਤ ਨੂੰ ਕੋਰਟ ਨੰਬਰ ਅੱਠ ਵਿੱਚ ਸੁਣਵਾਈ ਕਰ ਰਿਹਾ ਸੀ ਜਦੋਂ ਇਹ ਖੁਲਾਸਾ ਕੀਤਾ ਗਿਆ। ਜਸਟਿਸ ਮਿਸ਼ਰਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਅਦਾਲਤ ਦਾ ਅਪਮਾਨ ਹੈ। ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ ਜਸਟਿਸ ਬੈਨਰਜੀ ਨੂੰ ਬੇਨਤੀ ਕੀਤੀ ਉਹ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਨਾ ਕਰਨ ਕਿਉਂਕਿ ਇਸ ਦਾ ਦੂਜਿਆਂ ਵੱਲੋਂ ਫਾਇਦਾ ਉਠਾਇਆ ਜਾ ਸਕਦਾ ਹੈ। ਜਸਟਿਸ ਬੈਨਰਜੀ ਨੇ ਸੁਣਵਾਈ ਦੌਰਾਨ ਕਿਹਾ ਕਿ ਕਦੇ ਕਦਾਈਂ ਮੁਲਾਕਾਤ ਦੌਰਾਨ ਬਾਰ ਦੇ ਸੀਨੀਅਰ ਮੈਂਬਰ ਲੰਬਿਤ ਮਾਮਲਿਆਂ ਬਾਰੇ ਚਰਚਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨੂੰ ਇਕ ਗੰਭੀਰ ਮਾਮਲੇ ਵਜੋਂ ਲਿਆ ਜਾਵੇਗਾ, ਉਨ੍ਹਾਂ ਇਹ ਸੰਕੇਤ ਵੀ ਦਿੱਤਾ ਕਿ ਕਿਸੇ ਨੇ ਉਨ੍ਹਾਂ ਲਈ ਉਨ੍ਹਾਂ ਨੂੰ ਟੈਲੀਫੋਨ ਕੀਤਾ ਸੀ। ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਇਹ ਫੋਨ ਕਿੱਥੋਂ ਆਇਆ ਸੀ ਅਤੇ ਕਿਸ ਨੇ ਕੀਤਾ ਸੀ।

VIA PUNJAB