Skip to content
• ਅਕਾਲ ਤਖਤ ਸਕੱਤਰੇਤ ਵਲੋਂ ਇਜਲਾਸ ਅੱਗੇ ਪਾਉਣ ਲਈ ਜਥੇਦਾਰ ਦੇ ਦਖਲ ਦੀਆਂ ਅਫਵਾਹਾਂ ਦਾ ਖੰਡਨ
ਚੰਡੀਗੜ੍ਹ, 24 ਅਕਤੂਬਰ (ਵਾਇਆ ਪੰਜਾਬ ਬਿਊਰੋ)
ਸ਼੍ਰੋਮਣੀ ਕਮੇਟੀ ਦੇ 9 ਨਵੰਬਰ ਨੂੰ ਹੋਣ ਜਾ ਰਹੇ ਸਾਲਾਨਾ ਚੋਣ ਇਜਲਾਸ ਨੂੰ ਲੈ ਕੇ ਦਿਲਚਸਪ ਸਿਆਸੀ ਸਥਿਤੀ ਬਣਦੀ ਜਾ ਰਹੀ ਹੈ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ 9 ਨਵੰਬਰ ਨੂੰ ਸਾਲਾਨਾ ਚੋਣ ਇਜਲਾਸ ਕਰਵਾਉਣ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹ ਇਜਲਾਸ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅੱਗੇ ਪਾਉਣ ਦੀ ਅਪੀਲ ਕੀਤੀ ਸੀ। ਇਸੇ ਦੌਰਾਨ ਬੀਬੀ ਜਗੀਰ ਕੌਰ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਲੜਣ ਦਾ ਦਾਅਵਾ ਵੀ ਠੋਕ ਚੁੱਕੇ ਹਨ। ਉਹ ਮੀਡੀਆ ਵਿਚ ਸ਼ਰ੍ਹੇਆਮ ਕਹਿ ਚੁੱਕੇ ਹਨ ਕਿ ਉਹ ਰਹਿੰਦੀ ਉਮਰ ਤੱਕ ਸ਼੍ਰੋਮਣੀ ਕਮੇਟੀ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਜਮਹੂਰੀਅਤ ਅੰਦਰ ਰਹਿ ਕੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੀ ਚੋਣ ਲੜਣ ਦਾ ਅਧਿਕਾਰ ਰੱਖਦੇ ਹਨ। ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ਵਿਚ ਰਵਾਇਤੀ ਤੌਰ ‘ਤੇ ਹਰ ਵਾਰ ਪ੍ਰਧਾਨ ਦੀ ਚੋਣ ਦੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਜਾਂਦੇ ਹਨ ਪਰ ਸ. ਬਾਦਲ ਚੋਣ ਵਾਲੇ ਦਿਨ ਪਾਰਟੀ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਦਾ ਨਾਮ ਹਾਊਸ ਮੈਂਬਰਾਂ ਕੋਲ ਭੇਜਦੇ ਹਨ। ਬਹੁਮਤ ਹੋਣ ਕਾਰਨ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਦੇ ਨਾਂਅ ‘ਤੇ ਜ਼ੈਕਾਰੇ ਲਾ ਕੇ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ ਜਾਂਦੀ ਹੈ।
ਬੀਬੀ ਜਗੀਰ ਕੌਰ ਵਲੋਂ ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ ਅੱਗੇ ਪਾਉਣ ਦੀ ਮੰਗ ਨੂੰ ਵੀ ਉਨ੍ਹਾਂ ਦੇ ਪ੍ਰਧਾਨਗੀ ਚੋਣ ਲੜਣ ਦੀ ਰਣਨੀਤੀ ਤਹਿਤ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਅੱਜ ਸਵੇਰ ਤੋਂ ਇਹ ਅਫਵਾਹ ਮੀਡੀਆ ਹਲਕਿਆਂ ਵਿਚ ਚੱਲਦੀ ਰਹੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਚੋਣ ਇਜਲਾਸ 10 ਦਿਨ ਅੱਗੇ ਪਾਉਣ ਦੇ ਆਦੇਸ਼ ਦੇ ਦਿੱਤੇ ਹਨ।
ਜਾਣਕਾਰੀ ਅਨੁਸਾਰ ਅੱਜ ਮਾਲਵੇ ਤੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ ਨੇ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਚੋਣ ਇਜਲਾਸ ਨੂੰ 10 ਦਿਨ ਅੱਗੇ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੱਤਾ ਸੀ, ਜਿਸ ਨੂੰ ਸਕੱਤਰੇਤ ਨੇ ਆਪਣੀ ਨਿਯਮਾਂਵਲੀ ਅਨੁਸਾਰ ਸ਼੍ਰੋਮਣੀ ਕਮੇਟੀ ਦਫਤਰ ਵੱਲ ਭੇਜ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨਾਲ ਸੰਪਰਕ ਕਰਨ ‘ਤੇ ਪਤਾ ਲੱਗਾ ਹੈ ਕਿ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਚੋਣ ਇਜਲਾਸ ਅੱਗੇ ਪਾਉਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਕੋਈ ਲਿਖਤੀ ਜਾਂ ਜ਼ੁਬਾਨੀ ਆਦੇਸ਼ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਚੋਣ ਇਜਲਾਸ ਕਦੋਂ ਬੁਲਾਉਣਾ ਜਾਂ ਕਦੋਂ ਨਹੀਂ ਬੁਲਾਉਣਾ, ਇਹ ਸਿੱਖ ਗੁਰਦੁਆਰਾ ਐਕਟ-1925 ਤਹਿਤ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਨਹੀਂ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਕੋਈ ਲਿਖਤੀ ਆਦੇਸ਼ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ 190 ਮੈਂਬਰੀ ਹਾਊਸ ਵਿਚ ਪੰਜ ਸਿੰਘ ਸਾਹਿਬਾਨ ਮੈਂਬਰ ਹੁੰਦੇ ਹਨ ਪਰ ਉਹ ਚੋਣ ਇਜਲਾਸ ਦੌਰਾਨ ਵੋਟ ਪਾਉਣ ਦਾ ਅਧਿਕਾਰ ਨਹੀਂ ਰੱਖਦੇ।