ਅਦਾਲਤ ਨੇ ਕਰਨਾਟਕ ਦੇ ਆਜ਼ਾਦ ਵਿਧਾਇਕਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਦਿੱਤੀ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਕਰਨਾਟਕ ਦੇ ਦੋ ਆਜ਼ਾਦ ਉਮੀਦਵਾਰਾਂ ਨੂੰ ਉਨ੍ਹਾਂ ਦੀ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ| ਪਟੀਸ਼ਨਾਂ ਵਿੱਚ ਸੂਬਾ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੂੰ ਐਚ. ਡੀ. ਕੁਮਾਰਸਵਾਮੀ ਸਰਕਾਰ ਵਲੋਂ ਪੇਸ਼ ਕੀਤੇ ਭਰੋਸੇ ਦੀ ਵੋਟ ਤੇ ਤਰੁੰਤ ਸ਼ਕਤੀ ਪ੍ਰੀਖਣ ਕਰਨ ਦਾ ਆਦੇਸ਼ ਦੇਣ ਲਈ ਬੇਨਤੀ ਕੀਤੀ ਗਈ ਸੀ| ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਿਧਾਨ ਸਭਾ ਸਪੀਕਰ ਅਤੇ ਕੁਮਾਰਸਵਾਮੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਦੀ ਦਲੀਲਾਂ ਤੇ ਗੌਰ ਕੀਤਾ ਹੈ ਕਿ ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਤੇ ਕੋਈ ਇਤਰਾਜ਼ ਤਾਂ ਨਹੀਂ ਹੈ| ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਅਨਿਰੁਧਾ ਬੋਸ ਦੀ ਬੈਂਚ ਨੇ ਵਿਧਾਇਕ ਆਰ. ਸ਼ੰਕਰ ਅਤੇ ਐਚ. ਨਾਗੇਸ਼ ਦੇ ਵਕੀਲ ਨੂੰ ਇਸ ਆਧਾਰ ਤੇ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਕਿ ਮੰਗਲਵਾਰ ਸ਼ਾਮ ਨੂੰ ਸ਼ਕਤੀ ਪ੍ਰੀਖਣ ਹੋਣ ਤੋਂ ਬਾਅਦ ਇਹ ਪਟੀਸ਼ਨਾਂ ਬੇਅਸਰ ਹੋ ਗਈਆਂ ਹਨ| ਸੁਪਰੀਮ ਕੋਰਟ ਨੇ ਪਟੀਸ਼ਨ ਵਾਪਸ ਲੈਣ ਲਈ ਸੀਨੀਅਰ ਵਕੀਲਾਂ ਦੇ ਉਸ ਦੇ ਸਾਹਮਣੇ ਪੇਸ਼ ਨਾ ਹੋਣ ਤੇ ਨਾਖੁਸ਼ੀ ਜਤਾਈ| ਬੈਂਚ ਨੇ ਕਿਹਾ, ” ਜਦੋਂ ਤੁਸੀਂ ਤਰੁੰਤ ਸੁਣਵਾਈ ਚਾਹੁੰਦੇ ਹੋ ਤਾਂ ਤੁਸੀਂ ਰਾਤ, ਦਿਨ ਜਾਂ ਅੱਧੀ ਰਾਤ ਨੂੰ ਸਾਡੇ ਕੋਲ ਆਉਂਦੇ ਹੋ ਪਰ ਜਦੋਂ ਅਦਾਲਤ ਨੂੰ ਵਕੀਲ ਚਾਹੀਦਾ ਹੁੰਦਾ ਹੈ ਤਾਂ ਉਹ ਪੇਸ਼ ਨਹੀਂ ਹੁੰਦੇ ਹਨ|”

VIA PUNJAB