ਅਫਰੀਕੀ ਦੇਸ਼ ਚਾਡ ‘ਚ ਬੋਕੋ ਹਰਮ ਦੇ ਅੱਤਵਾਦੀਆਂ ਨੇ 18 ਲੋਕਾਂ ਦੀ ਕੀਤੀ ਹੱਤਿਆ

ਨਿਯਾਮੇ — ਅਫਰੀਕੀ ਦੇਸ਼ ਚਾਡ ‘ਚ ਵੀਰਵਾਰ ਨੂੰ ਅੱਤਵਾਦੀ ਸੰਗਠਨ ਬੋਕੋ ਹਰਮ ਨੇ ਇਕ ਪਿੰਡ ‘ਤੇ ਹਮਲਾ ਕੀਤਾ, ਜਿਸ ‘ਚ 18 ਲੋਕਾਂ ਦੀ ਮੌਤ ਹੋਣ ਜਾਣ ਦੀ ਖਬਰ ਹੈ। ਚਾਡ ਦਾ ਇਹ ਇਲਾਕਾ ਨਾਇਜਰ ਦੇਸ਼ ਦੀ ਸਰਹੱਦ ਕੋਲ ਪੈਂਦਾ ਹੈ। ਬੋਕੋ ਹਰਮ ਨੇ ਚਾਡ ਲੇਕ ਖੇਤਰ ਦੇ ਕਰੀਬ 3,000 ਲੋਕਾਂ ਨੂੰ ਜ਼ਬਰਦਸਤੀ ਆਪਣਾ ਘਰ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਫੌਜੀ ਸੂਤਰ ਮੁਤਾਬਕ ਅੱਤਵਾਦੀ ਸੰਗਠਨ ਬੋਕੋ ਹਰਮ ਨੇ ਵੀਰਵਾਰ ਰਾਤ ਨੂੰ 9 ਵਜੇ ਨਾਇਜਰ ਨਾਲ ਚਾਡ ਦੀ ਸਰਹੱਦ ਤੋਂ ਬਹੁਤ ਦੂਰ ਦਾਬੂਆ ਦੇ ਦੱਖਣ ‘ਚ ਇਕ ਪਿੰਡ ‘ਤੇ ਹਮਲਾ ਕੀਤਾ ਸੀ। ਬੋਕੋ ਹਰਮ ਦੇ ਸ਼ੱਕੀ ਹਮਲਾਵਰਾਂ ਨੇ 18 ਲੋਕਾਂ ਦਾ ਗਲਾ ਰੇਤ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਹਮਲੇ ‘ਚ 2 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਝੀਲ ਚਾਡ ਦੇ ਗਵਰਨਰ ਮੁਹੰਮਦ ਆਬਾ ਸਲਾਹ ਨੇ ਐਤਵਾਰ ਨੂੰ ਦੱਸਿਆ ਕਿ ਅੱਤਵਾਦੀ ਆਪਣੇ ਨਾਲ 10 ਔਰਤਾਂ ਨੂੰ ਅਗਵਾ ਵੀ ਕਰਕੇ ਲੈ ਗਏ ਹਨ। ਹਾਲਾਂਕਿ ਇਨ੍ਹਾਂ ‘ਚੋਂ ਇਕ ਔਰਤ ਭੱਜਣ ‘ਚ ਕਾਮਯਾਬ ਹੋ ਗਈ। ਉਨ੍ਹਾਂ ਕਿਹਾ ਕਿ ਨਾਇਜਰ ਅਤੇ ਨਾਈਜੀਰੀਆ ਦੀ ਸਰਹੱਦ ਨਾਲ ਲੱਗਣ ਵਾਲੇ ਚਾਡ ਲੇਕ ਖੇਤਰ ‘ਤੇ ਬੋਕੋ ਹਰਮ ਦਾ ਕਬਜ਼ਾ ਹੈ। ਚਾਡ ‘ਚ ਹਾਲ ਹੀ ‘ਚ ਜਿਹਾਦੀਆਂ ਵੱਲੋਂ ਕੀਤੇ ਗਏ ਹਮਲਿਆਂ ‘ਚ ਵਾਧਾ ਹੋਇਆ ਹੈ। ਮਈ ਮਹੀਨੇ ‘ਚ ਚਾਡ ਝੀਲ ਦੇ ਇਕ ਟਾਪੂ ‘ਚ 4 ਸਰਕਾਰੀ ਅਧਿਕਾਰੀਆਂ ਅਤੇ ਇਕ ਫੌਜੀ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ।

VIA PUNJAB