ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਪੱਖੀ ਸੁਹਿਰਦ ਬੁੱਧੀਜੀਵੀਆਂ ਨਾਲ ਮੁਲਾਕਾਤ ਦੇ ਵੱਡੇ ਅਰਥ ਕੀ ਹਨ?

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਤਲੁਜ-ਜਮੁਨਾ ਲਿੰਕ ਨਹਿਰ ਅਤੇ ਪੰਜਾਬ ਦੇ ਹੋਰ ਭਖਦੇ ਮੁੱਦਿਆਂ ਉੱਤੇ ਪੰਜਾਬ ਪੱਖੀ ਸਿਧਾਂਤਕ ਸੇਧ ਨਿਰਧਾਰਿਤ ਕਰਨ ਲਈ ਅੱਜ ਪੰਜਾਬ ਪੱਖੀ ਸੁਹਿਰਦ ਬੁੱਧੀਜੀਵੀਆਂ ਨਾਲ ਇਕ ਮੁਲਾਕਾਤ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਮੁਲਾਕਾਤ ਵਿਚ ਬਹੁਤ ਸਾਰੇ ਵਿਦਵਾਨ ਉਹ ਸ਼ਾਮਲ ਹੋਏ, ਜਿਹੜੇ ਅਕਸਰ ਸਿਧਾਂਤਕ ਮੁੱਦਿਆਂ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਅਤੀਤ ਦੀ ਕਾਰਗੁਜ਼ਾਰੀ ਤੇ ਮੌਜੂਦਾ ਕਾਰਜਪ੍ਰਣਾਲੀ ਦੀ ਤਿੱਖੀ ਅਲੋਚਨਾ ਕਰਦੇ ਰਹਿੰਦੇ ਹਨ। ਜਮਹੂਰੀਅਤ ਦੇ ਵਿਚ ਵਿਰੋਧ ਅਤੇ ਅਲੋਚਨਾ ਨੂੰ ਸਾਕਾਰ ਰੂਪ ਵਿਚ ਸੁਣਨਾ ਤੇ ਉਸ ਉੱਤੇ ਸੰਜੀਦਾ ਆਤਮ ਵਿਸ਼ਲੇਸ਼ਣ ਕਰਨਾ ਸੁਘੜ ਅਤੇ ਸਿਹਤਮੰਦ ਕਸਰਤ ਮੰਨੀ ਜਾਂਦੀ ਹੈ।
ਨਿਰਸੰਦੇਹ ਸ਼੍ਰੋਮਣੀ ਅਕਾਲੀ ਦਲ 2017 ਤੋਂ ਪੰਜਾਬ ਦੀ ਰਾਜਨੀਤੀ ਵਿਚ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਲੜਾਈ ਲੜ ਰਿਹਾ ਹੈ। 2007 ਤੋਂ 2017 ਤੱਕ ਲਗਾਤਾਰ ਦਸ ਸਾਲ ਸੱਤਾ ਵਿਚ ਰਹਿਣ ਕਾਰਨ ਅਕਾਲੀ ਦਲ ਪ੍ਰਬਲ ਰੂਪ ਵਿਚ ਸੱਤਾ ਵਿਰੋਧੀ ਰੁਝਾਨ ਦਾ ਇਸ ਕਦਰ ਸ਼ਿਕਾਰ ਹੋਇਆ ਕਿ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਪ੍ਰਦਰਸ਼ਨ ਇਤਿਹਾਸ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ।
ਬੇਸ਼ੱਕ ਸਿਆਸਤ ਵਿਚ ਪਾਰਟੀਆਂ ਦੇ ਉਤਰਾਅ-ਚੜ੍ਹਾਅ ਚੱਲਦੇ ਰਹਿੰਦੇ ਹਨ ਪਰ ਅਕਾਲੀ ਦਲ ਕੁਝ ਮੁੱਦਿਆਂ ਨੂੰ ਲੈ ਕੇ ਬੇਹੱਦ ਵਿਰੋਧ ਦਾ ਸਾਹਮਣਾ ਕਰਦਾ ਆ ਰਿਹਾ ਹੈ। ਇਸ ਦੀ ਲਗਾਤਾਰ ਡਿੱਗ ਰਹੀ ਸਿਆਸੀ ਸ਼ਾਖ ਨੂੰ ਲੈ ਕੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿੱਪ ਯੋਗਤਾ ‘ਤੇ ਵੀ ਤਿੱਖੇ ਸਵਾਲ ਖੜ੍ਹੇ ਕੀਤੇ ਜਾਂਦੇ ਰਹੇ ਹਨ। ਪਰ ਜਿਸ ਤਰ੍ਹਾਂ ਅੱਜ ਉਨ੍ਹਾਂ ਨੇ ਪੰਜਾਬ ਪ੍ਰਤੀ ਆਪਣੀ ਪਾਰਟੀ ਨੂੰ ਸਿਧਾਂਤਕ ਪਰਿਪੇਖ ਵਿਚ ਲਿਆਉਣ ਲਈ ਪੰਜਾਬ ਪੱਖੀ ਬੁੱਧੀਜੀਵੀਆਂ ਤੇ ਵਿਦਵਾਨਾਂ, ਖ਼ਾਸ ਕਰਕੇ ਜਿਨ੍ਹਾਂ ਵਿਚ ਅਕਾਲੀ ਦਲ ਦੀ ਤਿੱਖੀ ਅਲੋਚਨਾ ਕਰਨ ਵਾਲੇ ਪ੍ਰੋ. ਮਨਜੀਤ ਸਿੰਘ, ਡਾ. ਬਲਕਾਰ ਸਿੰਘ, ਡਾ. ਕੇਹਰ ਸਿੰਘ ਵਰਗੇ ਸੂਝਵਾਨ ਤੇ ਬੁੱਧੀਜੀਵੀ ਵੀ ਸ਼ਾਮਲ ਹਨ, ਨਾਲ ਘੰਟਿਆਂਬੱਧੀ ਵਿਚਾਰ-ਵਟਾਂਦਰਾ ਕੀਤਾ ਹੈ, ਉਸ ਤੋਂ ਉਨ੍ਹਾਂ ਵਲੋਂ ਪੰਥ ਤੇ ਪੰਜਾਬ ਪ੍ਰਤੀ ਸੁਹਿਰਦਤਾ ਦੀ ਆਸ ਵੇਖਣੀ ਅਕਾਰਨ ਨਹੀੰ ਹੈ। ਆਪਣੀ ਕਾਰਜਪ੍ਰਣਾਲੀ ਤੇ ਲੀਡਰਸ਼ਿਪ ਦੀ ਤਾਸੀਰ ਬਦਲ ਕੇ ਨਿਰਸੰਦੇਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਥ ਪ੍ਰਤੀ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਵਿਚ ਆ ਸਕਦਾ ਹੈ, ਕਿਉਂਕਿ ਖੇਤਰੀ ਰਾਜਨੀਤੀ ਵਿਚ ਖੇਤਰੀ ਪਾਰਟੀ ਤੋਂ ਬਗੈਰ ਕੋਈ ਕੌਮੀ ਪਾਰਟੀ ਉਸ ਖੇਤਰ ਦੇ ਲੋਕਾਂ ਦੇ ਸਰਬਪੱਖੀ ਹਿੱਤਾਂ ਦਾ ਨਿਭਾਅ ਨਹੀਂ ਕਰ ਸਕਦੀ। ਬੇਸ਼ੱਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਪੰਜਾਬ ਵਿਚ ਸਿਆਸੀ ਪ੍ਰਭਾਵ ਸਥਾਪਿਤ ਕਰਨ ਲਈ ਲਗਾਤਾਰ ਸਰਗਰਮ ਹਨ ਪਰ ਇਕ ਗੱਲ ਸਪੱਸ਼ਟ ਹੈ ਕਿ ਵਕਤੀ ਤੌਰ ‘ਤੇ ਭਾਵੇਂ ਸਮੇਂ-ਸਮੇਂ ਸੱਤਾ ਤਬਦੀਲੀਆਂ ਦੇ ਕਿੰਨੇ ਵੀ ਤਜਰਬੇ ਕਿਉਂ ਨਾ ਪ੍ਰਗਟ ਨਾ ਹੋਣ ਪਰ ਚਿਰੰਕਾਲ ਲਈ ਪੰਜਾਬ ਨੂੰ ਖੇਤਰੀ ਰਾਜਨੀਤੀ ਦਾ ਪ੍ਰਸੰਗ ਸਿਰਜ ਕੇ ਹੀ ਦੇਸ਼ ਦੀ ਸਰਬਪੱਖੀ ਜਮਹੂਰੀਅਤ ਵਿਚ ਸਰਗਰਮ ਰੂਪ ਵਿਚ ਹਿੱਸੇਦਾਰ ਬਣਾਇਆ ਜਾ ਸਕਦਾ ਹੈ, ਜਿਵੇਂ ਕਿ 1975 ਦੀ ਦੇਸ਼ ਦੀ ਐਮਰਜੈਂਸੀ ਤੱਕ ਪੰਜਾਬ ਦੀ ਖੇਤਰੀ ਸਿਆਸਤ ਦਾ ਕੌਮੀ ਰਾਜਨੀਤੀ ਵਿਚ ਪ੍ਰਭਾਵ ਹੁੰਦਾ ਸੀ। ਅਕਾਲੀ ਦਲ ਦਾ ਇਤਿਹਾਸ ਹੀ ਇਸ ਖਾਸੇ ਵਿਚ ਮਹਿਫੂਜ਼ ਹੈ ਕਿ ਇਹ ਪਾਰਟੀ ਸੂਬੇ ਦੇ ਖੇਤਰੀ ਹਿਤਾਂ, ਸੰਘੀ ਢਾਂਚੇ ਅਤੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਲੜਾਈ ਲਈ ਹਮੇਸ਼ਾ ਪੰਜਾਬ ਪੱਖੀ ਵਰਗਾਂ ਨੂੰ ਨਾਲ ਲੈ ਕੇ ਆਪਣੀਆਂ ਨੀਤੀਆਂ ਉਲੀਕਦਾ ਰਿਹਾ ਹੈ। ਪਰ ਇਸ ਦੇ ਉਲਟ ਪਿਛਲੇ ਕੁਝ ਅਰਸੇ ਤੋਂ ਇਹ ਪ੍ਰਭਾਵ ਬਣਨ ਲੱਗਿਆ ਸੀ ਕਿ ਅਕਾਲੀ ਦਲ ਆਪਣੇ ਰਵਾਇਤੀ ਅੰਦਾਜ਼ ਅਤੇ ਬੁਨਿਆਦੀ ਖਾਸੇ ਤੋਂ ਦੂਰ ਹੋ ਗਿਆ ਹੈ ਅਤੇ ਇਸ ਵਿਚ ਸਾਂਝੀ ਲੀਡਰਸ਼ਿਪ ਦੀ ਬਜਾਇ ਹੁਣ ਡਿਕਟੇਟਰਸ਼ਿਪ ਚੱਲਦੀ ਹੈ।
ਅੱਜ ਪੰਜਾਬ ਪੱਖੀ ਸੁਹਿਰਦ ਬੁੱਧੀਜੀਵੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਵਿਚਾਰਾਂ ਦੇ ਮੇਜ ‘ਤੇ ਇਕੱਠੇ ਬੈਠਣਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਮੌਜੂਦਾ ਚੁਣੌਤੀਪੂਰਨ ਦੌਰ ਅੰਦਰ ਅਕਾਲੀ ਦਲ ਵਿਚ ਪੰਜਾਬ ਪੱਖੀ ਆਧੁਨਿਕ ਤੇ ਰਵਾਇਤ ਦੇ ਸੁਮੇਲ ਵਾਲਾ ਸਰਬਪੱਖੀ ਤੇ ਸੰਤੁਲਿਤ ਏਜੰਡਾ ਲੈ ਕੇ ਆਉਣ ਦੀ ਸੰਭਾਵਨਾ ਅਜੇ ਖ਼ਤਮ ਨਹੀਂ ਹੋਈ। ਪਿਛਲੀਆਂ ਗਲਤੀਆਂ ਤੋਂ ਸਬਕ ਲੈ ਕੇ ਨਰੋਈ, ਲੋਕ-ਪੱਖੀ ਤੇ ਸਿਹਤਮੰਦ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ ਤੈਅ ਕਰਨ ਵਾਲੀਆਂ ਸਿਆਸੀ ਪਾਰਟੀਆਂ ਕਦੇ ਵੀ ਮਰਦੀਆਂ ਨਹੀਂ ਹਨ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਵਿਚੋਂ ਵੀ ਇਹ ਸੁਖਦ ਸੰਭਾਵਨਾ ਦੀ ਇਕ ਕਣੀ ਨਜ਼ਰ ਆਈ ਹੈ। ਆਸ ਕਰਦੇ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਇਸ ਦਿਸ਼ਾ ਵੱਲ ਹੋਰ ਸਾਕਾਰਾਤਮਿਕ ਪਹੁੰਚ ਅਪਨਾਉਂਦਿਆਂ ਅਜਿਹੀਆਂ ਨਵੀਂਆਂ ਪਹਿਲਾਂ ਕਰਨਗੇ, ਜੋ ਪੰਜਾਬ ਦੇ ਦੁਖਾਂਤ ਭਰੇ ਵਰਤਮਾਨ ਤੇ ਦਰਦਨਾਕ ਅਤੀਤ ਵਿਚੋਂ ਕੱਢ ਕੇ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਣ ਦਾ ਬਾਨਣੂੰ ਬੰਨਣਗੀਆਂ।

VIA PUNJAB