ਅਮਰੀਕਾ ਦੀ ਚਿਤਾਵਨੀ, ਈਰਾਨ ਖਿਲਾਫ ਪਾਬੰਦੀ ਦੇ ਉਲੰਘਣ ਦੀ ਕੋਸ਼ਿਸ਼ ਹੋਵੇਗੀ ਨੁਕਸਾਨਦਾਇਕ

ਵਾਸ਼ਿੰਗਟਨ – ਅਮਰੀਕਾ ਨੇ ਆਗਾਹ ਕੀਤਾ ਹੈ ਕਿ ਈਰਾਨ ‘ਤੇ ਲਾਈਆਂ ਪਾਬੰਦੀਆਂ ਤੋਂ ਬਚਣ ਲਈ ਵੱਖ-ਵੱਖ ਦੇਸ਼ਾਂ ਵਲੋਂ ‘ਵਿਸ਼ੇਸ਼ ਭੁਗਤਾਨ ਤੰਤਰ’ ਤਿਆਰ ਕਰਨ ਦੀ ਕੋਸ਼ਿਸ਼ ਨੁਕਸਾਨਦਾਇਕ ਸਾਬਿਤ ਹੋਵੇਗੀ। ਅਮਰੀਕਾ ਦਾ ਇਹ ਬਿਆਨ ਉਸ ਵੇਲੇ ਆਇਆ ਹੈ, ਜਦੋਂ ਯੂਰਪੀ ਸੰਘ ਨੇ ਇਸਲਾਮੀ ਦੇਸ਼ਾਂ ਨਾਲ ਕਾਨੂੰਨੀ ਤੌਰ ‘ਤੇ ਵਪਾਰ ਸ਼ੁਰੂ ਕਰਨ ਲਈ ਇਕ ਨਵਾਂ ਤੰਤਰ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ ਟਰੰਪ ਪ੍ਰਸ਼ਾਸਨ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਹਟ ਗਿਆ ਸੀ ਤੇ ਉਸ ਨੇ ਈਰਾਨ ‘ਤੇ ਕਈ ਵੱਡੀਆਂ ਪਾਬੰਦੀਆਂ ਦੁਬਾਰਾ ਲਗਾ ਦਿੱਤੀਆਂ ਸਨ। ਈਰਾਨ ‘ਤੇ ਪਹਿਲੇ ਪੜਾਅ ਦੀ ਪਾਬੰਦੀ ਪਹਿਲਾਂ ਤੋਂ ਹੀ ਲਾਗੂ ਹੈ, ਉਥੇ ਵਪਾਰਕ ਪਾਬੰਦੀ ਚਾਰ ਨਵੰਬਰ ਤੋਂ ਪੂਰੀ ਤਰ੍ਹਾਂ ਨਾਲ ਲਾਗੂ ਹੋ ਜਾਵੇਗੀ। ਅਮਰੀਕਾ ਨੂੰ ਉਮੀਦ ਹੈ ਕਿ ਭਾਰਤ ਸਣੇ ਸਾਰੇ ਦੇਸ਼ ਉਸ ਵੇਲੇ ਈਰਾਨ ਤੋਂ ਤੇਲ ਦਰਾਮਦ ਬੰਦ ਕਰ ਦੇਣਗੇ। ਅਮਰੀਕੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਦੇਸ਼ ਈਰਾਨ ਨਾਲ ਵਪਾਰ ਕਰਨਾ ਜਾਰੀ ਰੱਖੇਗਾ ਤਾਂ ਅਮਰੀਕੀ ਬੈਂਕਿੰਗ ਤੇ ਆਰਥਿਕ ਤੰਤਰ ਤੱਕ ਉਸ ਦੀ ਪਹੁੰਚ ਬਲਾਕ ਹੋ ਜਾਵੇਗੀ।

VIA PUNJAB