ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪੁੱਜੇ ਕੀਨੀਆ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੀਤੇ ਦਿਨ ਕੀਨੀਆ ‘ਚ ਰਹਿੰਦੇ ਆਪਣੇ ਪਰਿਵਾਰ ਦੇ ਵੱਡੇ-ਵਡੇਰਿਆਂ ਨਾਲ ਮੁਲਾਕਾਤ ਕੀਤੀ। ਓਬਾਮਾ ਦੀ ਸਾਲ 2015 ਮਗਰੋਂ ਕੀਨੀਆ ਦੀ ਇਹ ਪਹਿਲੀ ਫੇਰੀ ਹੈ। ਤੁਹਾਨੂੰ ਦੱਸ ਦਈਏ ਕਿ ਓਬਾਮਾ ਦੇ ਪਿਤਾ ਦਾ ਜਨਮ ਕੀਨੀਆ ‘ਚ ਹੋਇਆ ਸੀ ਅਤੇ ਉਨ੍ਹਾਂ ਦਾ ਦਿਹਾਂਤ 1982 ‘ਚ ਕਾਰ ਦੁਰਘਟਨਾ ਦੌਰਾਨ ਹੋਇਆ ਸੀ। ਸਾਬਕਾ ਰਾਸ਼ਟਰਪਤੀ ਓਬਾਮਾ ਕੀਨਿਆਈ ਸਦਰ ਉਹੁਰੂ ਕੀਨੀਆਤਾ ਤੇ ਵਿਰੋਧੀ ਧਿਰ ਦੇ ਮੁੱਖ ਆਗੂ ਰਾਇਲਾ ਓਡਿੰਗਾ ਦੇ ਸੱਦੇ ‘ਤੇ ਇੱਥੇ ਆਏ ਹਨ। ਉਨ੍ਹਾਂ ਲਈ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਓਬਾਮਾ ਕੀਨੀਆ ਦੇ ਪੱਛਮੀ ਹਿੱਸੇ ਕੋਗੇਲੋ ਦੇ ਇਕ ਪਿੰਡ ‘ਚ ਆਪਣੀ ਮਤਰੇਈ ਦਾਦੀ ਸਾਰ੍ਹਾ ਓਬਾਮਾ ਦੇ ਘਰ ਵੀ ਗਏ। ਇਸ ਫੇਰੀ ਦੌਰਾਨ ਆਪਣੀ ਮਤਰੇਈ ਭੈਣ ਵਲੋਂ ਸਥਾਪਤ ਸਾਉਤੀ ਕੂ ਨਾਂ ਦੇ ਸੈਂਟਰ ਦੇ ਉਦਘਾਟਨ ਮਗਰੋਂ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਹੋਰ ਵੱਡੇ ਵਡੇਰਿਆਂ ਨੂੰ ਮਿਲਣ ਦੀ ਵੀ ਸੰਭਾਵਨਾ ਹੈ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਮਿਲ ਕੇ ਕੰਮ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਨਸਲੀ ਸਿਆਸਤ ਤੋਂ ਮੂੰਹ ਫੇਰ ਲੈਣ, ਜੋ ਕਿ ਆਮ ਕਰਕੇ ਹਿੰਸਾ ਦਾ ਰੂਪ ਧਾਰ ਲੈਂਦੀ ਹੈ। ਉਨ੍ਹਾਂ ਆਗੂਆਂ ਨੂੰ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਵੀ ਕਿਹਾ। ਇੱਥੇ ਆਪਣੇ ਪਿਤਾ ਦੇ ਪਿੰਡ ਵਿੱਚ ਸਕੂਲ ਦਾ ਉਦਘਾਟਨ ਕਰਦਿਆਂ ਓਬਾਮਾ ਨੇ ਰਾਸ਼ਟਰਪਤੀ ਉਹੁਰੂ ਕੀਨੀਆਤਾ ਤੇ ਵਿਰੋਧੀ ਆਗੂ ਰਾਇਲਾ ਓਡਿੰਗਾ ਦਰਮਿਆਨ ਘਟਦੀਆਂ ਦੂਰੀਆਂ ਲਈ ਉਨ੍ਹਾਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਸਰਗਰਮ ਨਸਲੀ ਸਮੂਹਾਂ ਵਿਚਲੀ ਤਲਖੀ ਨੂੰ ਘਟਾਉਣ ਲਈ ਹੋਰ ਯਤਨਾਂ ਦੀ ਲੋੜ ਹੈ। ਇਸ ਮੌਕੇ ਓਬਾਮਾ ਵਲੋਂ ਯੂਥ ਸੈਂਟਰ ਦੀ ਸ਼ੁਰੂਆਤ ਕੀਤੀ ਜਾਵੇਗੀ।

VIA PUNJAB