ਅੰਡਰ-19 ਟੈਸਟ: ਸ੍ਰੀਲੰਕਾ ਫਾਲੋਆਨ ਲਈ ਮਜਬੂਰ

ਹੰਬਨਟੋਟਾ – ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਨੇ ਹੂੰਝਾਫੇਰ ਜਿੱਤ ਵੱਲ ਕਦਮ ਵਧਾਉਂਦਿਆਂ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ੍ਰੀਲੰਕਾ ਦੀ ਪਹਿਲੀ ਪਾਰੀ 316 ’ਤੇ ਸਮੇਟਣ ਮਗਰੋਂ ਫਾਲੋਆਨ ਦਾ ਸੱਦਾ ਦਿੰਦਿਆਂ ਦੂਜੀ ਪਾਰੀ ਵਿੱਚ 47 ਦੌੜਾਂ ਬਦਲੇ ਮੇਜ਼ਬਾਨ ਟੀਮ ਦੀਆਂ ਤਿੰਨ ਵਿਕਟਾਂ ਲੈ ਲਈਆਂ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੋਹਿਤ ਜਾਂਗੜਾ (76 ਦੌੜਾਂ ਬਦਲੇ ਚਾਰ ਵਿਕਟ) ਪਹਿਲੀ ਪਾਰੀ ਵਿੱਚ ਭਾਰਤ ਦਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਦੋਂਕਿ ਯਤਿਨ ਮੰਗਵਾਨੀ, ਆਯੂਸ਼ ਬਡੋਨੀ ਤੇ ਸਿਧਾਰਥ ਦੇਸਾਈ ਦੇ ਹਿੱਸੇ ਦੋ ਦੋ ਵਿਕਟਾਂ ਆਈਆਂ। ਫਾਲੋਆਨ ਦਾ ਸੱਦਾ ਮਿਲਣ ਮਗਰੋਂ ਮੇਜ਼ਬਾਨ ਸ੍ਰੀਲੰਕਾ ਦੀ ਅੰਡਰ 19 ਟੀਮ ਨੂੰ ਭਾਰਤੀ ਗੇਂਦਬਾਜ਼ਾ ਦਾ ਟਾਕਰਾ ਕਰਨ ਵਿੱਚ ਖਾਸੀ ਪ੍ਰੇਸ਼ਾਨੀ ਹੋਈ ਤੇ ਟੀਮ ਨੇ ਦਿਨ ਦਾ ਖੇਡ ਖ਼ਤਮ ਹੋਣ ਤਕ ਤਿੰਨ ਵਿਕਟ ਹੋਰ ਗੁਆ ਲਏ। ਨੁਵਾਨਿਦੁ ਫਰਨਾਂਡੋ ਦੋ ਜਦੋਂਕਿ ਕਲਹਾਰਾ ਸੇਨਾਰਤਨੇ ਬਿਨਾਂ ਖਾਤਾ ਖੋਲ੍ਹਿਆਂ ਨਾਬਾਦ ਸਨ। ਸ੍ਰੀਲੰਕਾ ਦੀ ਟੀਮ ਭਾਰਤ ਦੇ ਪਹਿਲੀ ਪਾਰੀ ਦੇ ਸਕੋਰ ਤੋਂ ਅਜੇ ਵੀ 250 ਦੌੜਾਂ ਪਿੱਛੇ ਹੈ ਜਦੋਂਕਿ ਉਸ ਦੇ ਸੱਤ ਖ਼ਿਡਾਰੀ ਆਊਟ ਹੋਣੇ ਬਾਕੀ ਹਨ। ਦੂਜੀ ਪਾਰੀ ਵਿੱਚ ਅਰਜੁਨ ਤੇਂਦੁਲਕਰ ਦੇ ਹਿੱਸੇ ਵੀ ਇਕ ਵਿਕਟ ਆਇਆ। ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਟੀਮ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟ ’ਤੇ 140 ਦੌੜਾਂ ਨਾਲ ਕੀਤੀ। ਕੱਲ੍ਹ ਦੇ ਨਾਬਾਦ ਬੱਲੇਬਾਜ਼ ਐਸ. ਸੂਰਿਆਬੰਡਾਰਾ (115) ਨੇ ਸੈਂਕੜਾ ਜੜਿਆ।

VIA PUNJAB