ਇਮਰਾਨ ਖਾਨ ਦੀ ਗੁਗਲੀ ਚ ਫਸਿਆ ਭਾਰਤ : ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਪੱਥਰ ਸਮਾਗਮ ਵਿਚ ਭਾਰਤੀ ਮੰਤਰੀਆਂ ਨੂੰ ਸੱਦਾ ਦੇ ਕੇ ਸ਼ਾਂਤੀ ਬਹਾਲੀ ਦਾ ਕਦਮ ਚੁੱਕਿਆ ਸੀ। ਪਰ ਉਨ੍ਹਾਂ ਦੇ ਹੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਦੇ ਸੱਚ ਨੂੰ ਬੇਨਕਾਬ ਕਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਇਤਿਹਾਸਿਕ ਕਰਤਾਰਪੁਰ ਕੋਰੀਡੋਰ ਦੇ ਨੀਂਹ ਪੱਥਰ ਸਮਾਗਮ ਵਿਚ ਭਾਰਤ ਸਰਕਾਰ ਦੀ ਮੌਜੂਦਗੀ ਯਕੀਨੀ ਕਰਨ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ‘ਗੁਗਲੀ’ ਸੁੱਟੀ। ਕੁਰੈਸ਼ੀ ਨੇ ਕ੍ਰਿਕਟ ਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ,”ਇਮਰਾਨ ਨੇ ਇਕ ਗੁਗਲੀ ਸੁੱਟੀ ਅਤੇ ਭਾਰਤ ਨੇ ਦੋ ਮੰਤਰੀਆਂ ਨੂੰ ਪਾਕਿਸਤਾਨ ਭੇਜ ਦਿੱਤਾ।” ਕੁਰੈਸ਼ੀ ਦੀ ਇਹ ਟਿੱਪਣੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਦਿੱਤੇ ਬਿਆਨ ਦੇ ਬਾਅਦ ਆਈ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨਾਲ ਦੋ-ਪੱਖੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਸੀ ਕਿ ਪਾਕਿਸਤਾਨ ਜਦੋਂ ਤੱਕ ਭਾਰਤ ਵਿਰੁੱਧ ਸੀਮਾ-ਪਾਰ ਤੋਂ ਅੰਜਾਮ ਦਿੱਤੀਆਂ ਜਾਣ ਵਾਲੀਆਂ ਅੱਤਵਾਦੀ ਗਤੀਵਿਧੀਆਂ ਨੂੰ ਨਹੀਂ ਰੋਕਦਾ ਉਦੋਂ ਤੱਕ ਗੱਲਬਾਤ ਸੰਭਵ ਨਹੀਂ ਹੈ। ਕੁਰੈਸ਼ੀ ਨੇ ਕਿਹਾ ਕਿ ਕਰਤਾਰਪੁਰ ਸਰਹੱਦ ਦਾ ਖੁੱਲ੍ਹਣਾ ਇਮਰਾਨ ਸਰਕਾਰ ਦੀ ਇਕ ਵੱਡੀ ਉਪਲਬਧੀ ਹੈ। ਇੱਥੇ ਦੱਸ ਦਈਏ ਕਿ ਵੀਰਵਾਰ ਨੂੰ ਇਮਰਾਨ ਦੀ ਸਰਕਾਰ ਨੇ 100 ਦਿਨ ਪੂਰੇ ਕਰ ਲਏ ਹਨ। ਉਂਝ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਅੱਗੇ ਵੱਧਣ ਦੀ ਗੱਲ ਕੀਤੀ ਗਈ ਪਰ ਉਨ੍ਹਾਂ ਦੀ ਨੀਯਤ ‘ਤੇ ਸਵਾਲ ਉਦੋਂ ਹੀ ਉੱਠ ਗਏ ਸਨ ਜਦੋਂ ਨੀਂਹ ਪੱਥਰ ਸਮਾਗਮ ਵਿਚ ਗੋਪਾਲ ਸਿੰਘ ਚਾਵਲਾ ਨੂੰ ਮਹਿਮਾਨ ਦੇ ਤੌਰ ‘ਤੇ ਸੱਦਿਆ ਗਿਆ ਸੀ। ਜਿੱਥੇ ਗੋਪਾਲ ਸਿੰਘ ਚਾਵਲਾ ਅੱਤਵਾਦੀ ਹਾਫਿਜ਼ ਸਈਦ ਦਾ ਕਰੀਬੀ ਹੈ ਉੱਥੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹੈ। ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨਾਲ ਉਸ ਦਾ ਕਰੀਬੀ ਰਿਸ਼ਤਾ ਹੈ।

VIA PUNJAB