ਇੰਗਲੈਂਡ ਨੂੰ ਆਊਟ ਕਰਕੇ ਭਾਰਤ ਅੱਜ ਨਾਕਆਊਟ ਲਈ ਦ੍ਰਿੜ੍ਹ

ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਦੇ ਹਾਈ-ਪ੍ਰੋਫਾਈਲ ਮੁਕਾਬਲੇ ਵਿੱਚ ਮੁਸ਼ਕਲਾਂ ਵਿੱਚ ਘਿਰੀ ਮੇਜ਼ਬਾਨ ਇੰਗਲੈਂਡ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗਾ। ਇਸ ਦੇ ਨਾਲ ਹੀ ਉਸ ਦੀਆਂ ਨਜ਼ਰਾਂ ਟੂਰਨਾਮੈਂਟ ਦੀ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਪਹੁੰਚਣ ਉੱਤੇ ਵੀ ਲੱਗੀਆਂ ਹੋਣਗੀਆਂ।ਆਪਣੇ ਛੇ ਮੁਕਾਬਲਿਆਂ ਵਿੱਚ ਭਾਰਤੀ ਟੀਮ ਨੇ ਕੋਈ ਮੈਚ ਨਹੀਂ ਹਾਰਿਆ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਸੈਮੀ-ਫਾਈਨਲ ਵੱਲ ਵਧ ਰਹੀ ਹੈ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਮੇਜ਼ਬਾਨ ਟੀਮ ਟੂਰਨਾਮੈਂਟ ਵਿੱਚੋਂ ਬਾਹਰ ਹੋ ਜਾਵੇਗੀ। ਟੂਰਨਾਮੈਂਟ ਤੋਂ ਪਹਿਲਾਂ ਇੰਗਲੈਂਡ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਇਯੌਨ ਮੌਰਗਨ ਦੀ ਟੀਮ ਅਹਿਮ ਮੈਚਾਂ ਵਿੱਚ ਹਾਰ ਗਈ, ਜਿਸ ਕਾਰਨ ਹੁਣ ਸੱਤ ਮੈਚਾਂ ਵਿੱਚ ਉਸ ਦੇ ਸਿਰਫ਼ ਅੱਠ ਅੰਕ ਹਨ ਅਤੇ ਉਹ ਟੂਰਨਾਮੈਂਟ ’ਚੋਂ ਬਾਹਰ ਹੋਣ ਕਿਨਾਰੇ ਹੈ। ਮੇਜ਼ਬਾਨ ਦੇ ਹਾਰਨ ਦੀ ਸੂਰਤ ਵਿੱਚ ਇਹ ਅਫ਼ਸੋਸਨਾਕ ਹੋਵੇਗਾ ਕਿ ਕਪਤਾਨ ਮੌਰਗਨ, ਜੋਸ ਬਟਲਰ, ਜੌਹਨੀ ਬੇਅਰਸਟੋ, ਬੈਨ ਸਟੌਕਸ, ਜੌਫਰਾ ਆਰਚਰ ਵਰਗੇ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਇੰਗਲੈਂਡ ਦੇ ਹਾਲ ਦੇ ਸਾਲਾਂ ਵਿੱਚ ਸਰਵੋਤਮ ਇੱਕ ਰੋਜ਼ਾ ਟੀਮ ਨੂੰ ਇਸ ਤਰ੍ਹਾਂ ਬਾਹਰ ਹੋਣਾ ਪਵੇਗਾ। ਐਤਵਾਰ ਨੂੰ ਬਰਮਿੰਘਮ ਦੇ ਐਜਬੈਸਟਨ ਵਿੱਚ ਭਾਰਤੀ ਦਰਸ਼ਕਾਂ ਦੀ ਮੌਜੂਦਗੀ ਦਬਾਅ ਵਿੱਚ ਘਿਰੀ ਟੀਮ ਨੂੰ ਹੋਰ ਪ੍ਰੇਸ਼ਾਨ ਕਰੇਗੀ। ਉਥੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਹਨ ਅਤੇ ਕੇਵਿਨ ਪੀਟਰਸਨ ਬਾਰੇ ਜੌਹਨੀ ਬੇਅਰਸਟੋ ਵੱਲੋਂ ਦਿੱਤੇ ਬਿਆਨ ਨਾਲ ਵੀ ਮੇਜ਼ਬਾਨ ’ਤੇ ਦਬਾਅ ਕਾਫ਼ੀ ਵਧ ਗਿਆ ਹੈ। ਬੇਅਰਸਟੋ ਨੇ ਪੱਤਰਕਾਰਾਂ ਨੂੰ ਕਿਹਾ, ‘‘ਲੋਕ ਸਾਡੇ ਅਸਫ਼ਲ ਹੋਣ ਦੀ ਉਡੀਕ ਕਰ ਰਹੇ ਸਨ।’’ ਬੇਅਰਸਟੋ ਨੇ ਕਿਹਾ, ‘‘ਉਹ ਕਈ ਮਾਅਨਿਆਂ ਵਿੱਚ ਸਾਡੀ ਜਿੱਤ ਤੋਂ ਖ਼ੁਸ਼ ਨਹੀਂ ਹਨ। ਉਹ ਉਡੀਕ ਕਰ ਰਹੇ ਹਨ ਕਿ ਅਸੀਂ ਹਾਰ ਜਾਈਏ ਤਾਂ ਕਿ ਉਨ੍ਹਾਂ ਨੂੰ ਸਾਡੀ ਆਲੋਚਨਾ ਕਰਨ ਦਾ ਮੌਕਾ ਮਿਲੇ। ਇਹ ਇੰਗਲੈਂਡ ਵਿੱਚ ਆਮ ਹੈ, ਸਗੋਂ ਹਰੇਕ ਖੇਡ ਵਿੱਚ ਹੈ।

VIA PUNJAB