ਕਿਮ ਵਲੋਂ ‘ਲੰਬੀ ਦੂਰੀ ਦੇ ਹਮਲੇ’ ਦੇ ਅਭਿਆਸ ਦਾ ਆਦੇਸ਼

ਸਿਓਲ – ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਅੱਜ ਦੱਸਿਆ ਕਿ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ‘ਲੰਬੀ ਦੂਰੀ ਨਾਲ ਹਮਲਿਆਂ’ ਦੇ ਅਭਿਆਸ ਦਾ ਨਿਰੀਖਣ ਕੀਤਾ| ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਘੱਟ ਦੂਰੀ ਦੀ ਮਿਜ਼ਾਈਲ ਦਾਗੀ ਹੈ|ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ,”ਸਰਵ ਉੱਚ ਨੇਤਾ ਕਿਮ ਜੋਂਗ ਉਨ ਨੇ ਕਮਾਂਡ ਕੇਂਦਰ ਤੇ ਲੰਬੀ ਦੂਰੀ ਦੇ ਹਮਲੇ ਦੇ ਵੱਖ-ਵੱਖ ਮਾਧਿਅਮਾਂ ਦੇ ਅਭਿਆਸ ਦੀ ਯੋਜਨਾ ਦੇ ਬਾਰੇ ਵਿਚ ਜਾਣਕਾਰੀ ਲਈ ਅਤੇ ਅਭਿਆਸ ਸ਼ੁਰੂ ਕਰਨ ਦਾ ਆਦੇਸ਼ ਦਿੱਤਾ|”ਦੱਖਣੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਨੇ ਵੀਰਵਾਰ ਨੂੰ ਦੋ ਮਿਜ਼ਾਈਲਾਂ ਦਾ ਪਰੀਖਣ ਕੀਤਾ ਸੀ| ਇਕ ਹਫਤੇ ਦੇ ਅੰਦਰ ਪਿਓਂਗਯਾਂਗ ਨੇ ਦੂਜੀ ਵਾਰ ਅਜਿਹਾ ਕੀਤਾ ਹੈ| ਇਹ ਪਰੀਖਣ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦੋਂ ਪਰਮਾਣੂ ਨਿਸ਼ਸਤਰੀਕਣ ਨੂੰ ਲੈ ਕੇ ਅਮਰੀਕਾ ਅਤੇ ਉੱਤਰੀ ਕੋਰੀਆ ਵਿਚ ਗਤੀਰੋਧ ਬਣਿਆ ਹੋਇਆ ਹੈ| ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉੱਤਰੀ ਕੋਰੀਆ ਨੇ ਨੌਰਥ ਪਿਓਂਗਨ ਸੂਬੇ ਵਿੱਚ ਘੱਟ ਦੂਰੀ ਦੀਆਂ ਦੋ ਮਿਜ਼ਾਈਲਾਂ ਦਾ ਪਰੀਖਣ ਕੀਤਾ ਹੈ|ਏਜੰਸੀ ਨੇ ਨਵੇਂ ਬਿਆਨ ਵਿਚ ਇਹ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਦੇ ਹਥਿਆਰਾਂ ਦਾ ਪਰੀਖਣ ਕੀਤਾ ਗਿਆ| ਉਸ ਨੇ ਮਿਜ਼ਾਈਲ, ਰਾਕੇਟ ਜਾਂ ਲਾਂਚ ਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ| ਉਸ ਨੇ ਕਿਹਾ,”ਰੱਖਿਆ ਈਕਾਈਆਂ ਦੀ ਤੁਰੰਤ ਕਾਰਵਾਈ ਦੀ ਸਮਰੱਥਾ ਦੀ ਜਾਂਚ ਲਈ ਕੀਤੀ ਗਈ ਤਾਇਨਾਤੀ ਅਤੇ ਹਮਲੇ ਦੇ ਸਫਲ ਅਭਿਆਸ ਨੇ ਈਕਾਈਆਂ ਦੀ ਪੂਰੀ ਤਾਕਤ ਦਿਖਾਈ| ਈਕਾਈਆਂ ਕੋਈ ਵੀ ਮੁਹਿੰਮ ਚਲਾਉਣ ਜਾਂ ਕਿਸੇ ਵੀ ਤਰ੍ਹਾਂ ਦੇ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਹਨ|”

VIA PUNJAB