ਕੁਲਸੁਮ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਸ਼ਰੀਫ ਪਰਿਵਾਰ ਨੂੰ ਮਿਲੇਗਾ ਪੈਰੋਲ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰਿਅਮ ਤੇ ਜਵਾਈ (ਸੇਵਾਮੁਕਤ) ਕੈਪਟਨ ਮੁਹੰਮਦ ਸਫਦਰ ਨੂੰ ਬੇਗਮ ਕੁਲਸੁਸ ਦੇ ਜਨਾਜ਼ੇ ਦੀ ਨਮਾਜ਼ ‘ਚ ਸ਼ਾਮਲ ਹੋਣ ਲਈ ਪੈਰੋਲ ‘ਤੇ ਰਿਹਾਅ ਕੀਤਾ ਜਾਵੇਗਾ। ਜਿਓ ਟੀਵੀ ਨੇ ਆਪਣੀ ਖਬਰ ‘ਚ ਕਿਹਾ ਕਿ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਦੇ ਜਨਾਜ਼ੇ ਦੀ ਨਮਾਜ਼ ਤੋਂ ਲੈ ਕੇ ਉਨ੍ਹਾਂ ਨੂੰ ਦਫਨਾਏ ਜਾਣ ਤੱਕ ਪਰਿਵਾਰ ਨੂੰ ਤਿੰਨਾਂ ਪੈਰੋਲਾਂ ‘ਤੇ ਰਿਹਾਅ ਕੀਤਾ ਜਾਵੇਗਾ। ਸ਼ਰੀਫ ਪਰਿਵਾਰ ਦੇ ਤਿੰਨੋ ਮੈਂਬਰ ਇਸ ਸਮੇਂ ਰਾਵਲਪਿੰਡੀ ਦੀ ਅਡਿਆਲਾ ਜੇਲ ‘ਚ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਇਸੇ ਸਾਲ ਜੁਲਾਈ ‘ਚ ਇਕ ਜਵਾਬਦੇਹੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਸੂਤਰਾਂ ਨੇ ਕਿਹਾ ਕਿ ਪੈਰੋਲ ਦਿੱਤੇ ਜਾਣ ਦੇ ਲਈ ਬੇਨਤੀ ਕੀਤੇ ਜਾਣ ਦੀ ਲੋੜ ਹੁੰਦੀ ਹੈ। ਕੁਲਸੁਮ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਉਨ੍ਹਾਂ ਦਾ ਮੰਗਲਵਾਰ ਨੂੰ ਲੰਡਨ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 68 ਸਾਲ ਸੀ। ਸੂਤਰਾਂ ਮੁਤਾਬਕ ਸ਼ਰੀਫ ਪਰਿਵਾਰ ਨੇ ਕੁਲਸੁਮ ਦਾ ਪਾਰਥਿਵ ਸਰੀਰ ਪਾਕਿਸਤਾਨ ਲਿਆਉਣ ਦਾ ਫੈਸਲਾ ਲਿਆ ਹੈ। ਪਰਿਵਾਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ‘ਚ ਸਪੁਰਦੇ-ਖਾਕ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਲਸੁਮ ਦੇ ਦਿਹਾਂਤ ‘ਤੇ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਕਾਨੂੰਨ ਦੇ ਅਨੁਸਾਰ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਕ ਅਧਿਕਾਰਿਕ ਬਿਆਨ ‘ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਲੰਡਨ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ‘ਚ ਮਦਦ ਕਰਨ ਦਾ ਨਿਰਦੇਸ਼ ਦਿੱਤਾ ਹੈ।

VIA PUNJAB