ਗੱਠਜੋੜ ਟੁੱਟਿਆ ਤਾਂ ਜ਼ਿਮਨੀ ਚੋਣ ਇਕੱਲਿਆਂ ਲੜਾਂਗੇ: ਅਖਿਲੇਸ਼

ਲਖਨਊ – ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਬਸਪਾ ਨਾਲ ਗੱਠਜੋੜ ਟੁੱਟਦਾ ਹੈ ਤਾਂ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ 11 ਹਲਕਿਆਂ ਦੀ ਜ਼ਿਮਨੀ ਚੋਣ ਇਕੱਲਿਆਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਸੋਚ ਵਿਚਾਰ ਕੇ ਫ਼ੈਸਲਾ ਲੈਣਗੇ।ਗਾਜ਼ੀਪੁਰ ’ਚ ਕਤਲ ਕੀਤੇ ਗਏ ਪਾਰਟੀ ਵਰਕਰ ਵਿਜੈ ਯਾਦਵ ਦੇ ਘਰ ਦੁੱਖ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਗੱਠਜੋੜ ਟੁੱਟਦਾ ਹੈ ਤਾਂ ਵੀ ਉਹ ਬਹੁਤ ਸੋਚ ਸਮਝ ਕੇ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ, ‘ਜੇਕਰ ਕੋਈ ਗੱਠਜੋੜ ਨਾ ਰਿਹਾ ਤਾਂ ਅਸੀਂ ਇਕੱਲਿਆਂ ਹੀ ਜ਼ਿਮਨੀ ਚੋਣ ਲੜਨ ਦੀ ਤਿਆਰੀ ਕਰਾਂਗੇ ਤੇ ਸਾਰੀਆਂ 11 ਸੀਟਾਂ ਤੋਂ ਚੋਣ ਲੜਾਂਗੇ। ਅਸੀਂ ਇਸ ਲਈ ਤਿਆਰ ਹਾਂ ਤੇ ਇਸ ਸਬੰਧੀ ਕੋਈ ਵੀ ਫ਼ੈਸਲਾ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਲਾਹ ਨਾਲ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਬਸਪਾ ਜੋ ਵੀ ਰਾਹ ਅਖਤਿਆਰ ਕਰੇਗੀ ਉਸ ਦਾ ਸਵਾਗਤ ਹੈ। ਸਪਾ ਮੁਖੀ ਨੇ ਕਿਹਾ, ‘ਇਸ ਸਮੇਂ ਸਾਡੇ ਲਈ ਗੱਠਜੋੜ ਮਹੱਤਵ ਨਹੀਂ ਰੱਖਦਾ। ਇਸ ਸਮੇਂ ਸਾਡੇ ਲਈ ਕਤਲ ਕੀਤੇ ਗਏ ਪਾਰਟੀ ਵਰਕਰ ਦਾ ਪਰਿਵਾਰ ਮਹੱਤਵ ਰੱਖਦਾ ਹੈ। ਮੈਨੂੰ ਆਪਣੇ ਕਤਲ ਕੀਤੇ ਜਾ ਰਹੇ ਵਰਕਰਾਂ ਦੀ ਫਿਕਰ ਹੈ।’ ਇਸ ਤੋਂ ਪਹਿਲਾਂ ਆਜ਼ਮਗੜ੍ਹ ’ਚ ਅਖਿਲੇਸ਼ ਨੇ ਕਿਹਾ ਸੀ ਕਿ 2022 ’ਚ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ’ਚ ਆਪਣੀ ਸਰਕਾਰ ਬਣਾਏਗੀ ਅਤੇ ਇਹੀ ਉਨ੍ਹਾਂ ਦੀ ਰਣਨੀਤੀ ਹੈ।

VIA PUNJAB