ਚੱਡਾ ਖੰਡ ਮਿੱਲ ਕਿੜੀ ਅਫਗਾਨਾ ਖਿਲਾਫ 8 ਕਿਸਾਨ ਜਥੇਬੰਦੀਆਂ ਵੱਲੋਂ ਪੱਕਾ ਧਰਨਾ ਸ਼ੁਰੂ

ਕਾਹਨੂੰਵਾਨ – ਇੱਥੋਂ ਨਜਦੀਕੀ ਚੱਡਾ ਖੰਡ ਮਿੱਲ ਵੱਲੋਂ ਕਿਸਾਨਾਂ ਦੀਆਂ ਪਿਛਲੇ ਸਾਲ ਦੇ ਗੰਨੇ ਦੀਆਂ ਕਰੋੜਾਂ ਰੁਪਏ ਦੀਆਂ ਅਦਾਇਗੀਆਂ ਨਾ ਦਿੱਤੇ ਜਾਣ ਦੇ ਖਿਲਾਫ ਸਾਂਝੇ ਕਿਸਾਨ ਮੋਰਚੇ ਵੱਲੋਂ ਗੇਟ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਅੱਜ ਸਵੇਰੇ 11 ਵਜੇ ਦੇ ਕਰੀਬ 8 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਗੁਰਦੁਆਰਾ ਬੋਹੜੀ ਸਾਹਿਬ ਤੋਂ ਚੱਡਾ ਖੰਡ ਮਿੱਲ ਵੱਲ ਮਾਰਚ ਸ਼ੁਰੂ ਕੀਤਾ। ਇਸ ਮੌਕੇ ਪੁਲਿਸ ਨੇ ਬੈਰੀਗੇਟ ਲਗਾ ਕੇ ਕਿਸਾਨਾਂ ਨੁੰ ਰੋਕਣ ਦਾ ਅਸਫਲ ਯਤਨ ਕੀਤਾ। ਕਿਸਾਨਾਂ ਵੱਲੋਂ ਖੰਡ ਮਿੱਲ ਦਾ ਗੇਟ ਬੰਦ ਕਰਕੇ ਮਿੱਲ ਦਾ ਸਾਰਾ ਕੰਮ ਕਾਰ ਠੱਪ ਕਰ ਦਿੱਤਾ ਗਿਆ। ਇਸ ਮੌਕੇ ਸਮੂਹ ਕਿਸਾਨਾਂ ਨੇ ਆਪਣੇ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਦੀ ਇਕ ਆਗੂ ਟੀਮ ਦਾ ਗਠਨ ਕੀਤਾ ਗਿਆ। ਇਸ ਆਗੂ ਟੀਮ ਵਿੱਚ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰੰਧਾਵਾ, ਕਿਸਾਨ ਸਭਾ ਪੰਜਾਬ ਦੇ ਜਸਬੀਰ ਸਿੰਘ ਕੱਤੋਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੰਤੋਖ ਸਿੰਘ ਔਲਖ, ਕਿਸਾਨ ਮੋਰਚਾ ਭੰਗਾਲਾ ਦੇ ਗੁਰਨਾਮ ਸਿੰਘ ਜਹਾਨਪੁਰ, ਕੁਲਹਿੰਦ ਕਿਸਾਨ ਸਭਾ ਦੇ ਲਖਵਿੰਦਰ ਸਿੰਘ, ਕਿਸਾਨ ਮੋਰਚਾ ਔਲਖ ਦੇ ਸੋਨੂ ਔਲਖ, ਕਿਸਾਨ ਸੰਘਰਸ਼ ਕਮੇਟੀ ਮੁਕੇਰੀਆਂ ਦੇ ਅਮਰਜੀਤ ਸਿੰਘ ਕਾਨੂੰਗੋ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਅਜੀਤ ਸਿੰਘ ਮਠੋਲਾ ਸ਼ਾਮਲ ਕੀਤੇ ਗਏ। ਇਕ ਮੌਕੇ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਮਿੱਲ ਦੀ ਪ੍ਰਬੰਧਕੀ ਕਮੇਟ ਦੇ ਪ੍ਰਧਾਨ ਆਰ. ਏ. ਸਿੰਘ ਨੇ ਕਿਸਾਨਾਂ ਦੇ ਵਫਦ ਨੂੰ ਗੱਲ ਬਾਤ ਕਰਨ ਲਈ ਸੱਦਾ ਦਿੱਤਾ। ਪਰ ਕਿਸਾਨਾਂ ਨੇ ਇਕ ਸੁਰ ਹੋ ਕੇ ਕਿਹਾ ਕਿ ਉਹ ਕੋਈ ਵੀ ਗੱਲ ਬੰਦ ਕਮਰੇ ਵਿੱਚ ਨਹੀਂ ਕਰਨਗੇ। ਜੋ ਵੀ ਗੱਲਬਾਤ ਕਿਸਾਨਾਂ ਨਾਲ ਕੀਤੀ ਜਾਵੇ ਉਹ ਪ?ਬੰਧਕੀ ਕਮੇਟੀ ਦੇ ਨੁਮਾਇੰਦੇ ਵੱਲੋਂ ਧਰਨੇ ਵਿੱਚ ਹਾਜਰ ਕਿਸਾਨਾਂ ਦੇ ਸਾਹਮਣੇ ਕੀਤੀ ਜਾਵੇਗੀ। ਕਿਸਾਨਾਂ ਦੀ ਇਸ ਸ਼ਰਤ ਅੱਗੇ ਝੁਕਦਿਆਂ ਪ੍ਰਬੰਧਕੀ ਕਮੇਟੀ ਦੇ ਮੁੱਖੀ ਆਰ ਏ ਸਿੰਘ ਨੇ ਧਰਨੇ ਵਿੱਚ ਖੁਦ ਪਹੁੰਚ ਕੇ ਕਿਸਾਨਾਂ ਨੂੰ ਰੋਜਾਨਾਂ 75 ਲੱਖ ਰੁਪਏ ਦੀਆਂ ਅਦਾਇਗੀਆਂ ਦੇਣ ਦਾ ਵਾਅਦਾ ਕੀਤਾ। ਪਰ ਕਿਸਾਨਾਂ ਨੇ ਪ੍ਰਬੰਧਕੀ ਕਮੇਟੀ ਦੇ ਵਾਅਦ ਨੂੰ ਪੂਰੀ ਤਰਾਂ ਨਕਾਰਦੇ ਹੋਏ ਆਪਣੀ ਮੰਗ ਫਿਰ ਦੁਹਰਾਈ ਕੇ ਉਹ 114 ਕਰੋੜ ਰੁਪਏ ਦੀ ਪੂਰੀ ਅਦਾਇਗੀ ਲੈ ਕੇ ਹੀ ਆਪਣਾ ਧਰਨਾ ਖਤਮ ਕਰਨਗੇ। ਇਸ ਤਰਾਂ ਕਿਸਾਨ ਆਗੂਆਂ ਨੇ ਲੰਮੀਆਂ ਤਕਰੀਰਾਂ ਕਰਦੇ ਹੋਏ ਆਪਣਾ ਧਰਨਾ ਜਾਰੀ ਰੱਖਿਆ ਅਤੇ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਬਾ ਦਸਤੂਰ ਜਾਰੀ ਸੀ। ਇਸ ਮੌਕੇ ਦੋ ਜਿਲ੍ਹਿਆਂ ਦੇ ਸੈਕੜੇ ਕਿਸਾਨਾਂ ਨੇ ਮਿੱਲ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਆਪਣੇ ਮੋਰਚੇ ਨੂੰ ਹਰ ਹਾਲਤ ਵਿੱਚ ਜੇਤੂ ਬਣਾਉਣ ਦਾ ਅਹਿਦ ਲਿਆ।

VIA PUNJAB