ਜੇਲ ‘ਚ ਬੰਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ

ਇਸਲਾਮਾਬਾਦ— ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਐਤਵਾਰ ਨੂੰ ਅਚਾਨਕ ਖਰਾਬ ਹੋ ਗਈ। ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਵਾਲੇ ਮੈਡੀਕਲ ਬੋਰਡ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਦੀ ਕਿਡਨੀ ਫੇਲ ਹੋਣ ਦੀ ਕਗਾਰ ‘ਤੇ ਹੈ ਤੇ ਉਨ੍ਹਾਂ ਨੂੰ ਤੁਰੰਤ ਜੇਲ ਤੋਂ ਹਸਪਤਾਲ ਸ਼ਿਫਟ ਕੀਤੇ ਜਾਣ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ‘ਚ ਨਹੀਂ ਭੇਜਿਆ ਜਾ ਰਿਹਾ। ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ ਦੀ ਟੀਮ ਉਨ੍ਹਾਂ ਦੀ ਜਾਂਚ ਕਰੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭੇਜੇ ਜਾਣ ‘ਤੇ ਵਿਚਾਰ ਕੀਤਾ ਜਾਵੇਗਾ। ਫਿਲਹਾਲ ਰਾਵਲਪਿੰਡੀ ਇੰਸਟੀਚਿਊਟ ਆਫ ਕਾਰਡੀਓਲਾਜੀ ਦੇ ਮੁਖੀ ਡਾਕਟਰ ਅਜ਼ਹਰ ਕਿਯਾਨੀ ਨੇ ਨਵਾਜ਼ ਸ਼ਰੀਫ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਦੀ ਮੈਡੀਕਲ ਰਿਪੋਰਟ ਪੰਜਾਬ ਸੂਬੇ ਦੇ ਮੁੱਖ ਮੰਤਰੀ ਤੇ ਕੇਅਰਟੇਕਰ ਹਸਨ ਅਕਸਾਰੀ ਨੂੰ ਭੇਜੀ ਗਈ ਹੈ। ਸੰਘੀ ਸਰਕਾਰ ਨੂੰ ਨਵਾਜ਼ ਸ਼ਰੀਫ ਦੀ ਸਿਹਤ ਤੇ ਡਾਕਟਰਾਂ ਦੀ ਚਿੰਤਾ ਤੋਂ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਐਕਸਪ੍ਰੈੱਸ ਨਿਊਜ਼ ਮੁਤਾਬਕ ਸ਼ਰੀਫ ਦੇ ਯੁਰਿਨ ‘ਚ ਨਾਈਟ੍ਰੋਜਨ ਖਤਰਨਾਕ ਪੱਧਰ ਤੱਕ ਵਧ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਦੀ ਯੁਰਿਨ ‘ਚ ਨਾਈਟ੍ਰੋਜਨ ਦੀ ਮਾਤਰਾ ਵਧ ਗਈ ਹੈ ਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ। ਬਹੁਤ ਜ਼ਿਆਦਾ ਪਸੀਨਾ ਆਉਣ ਦੇ ਕਾਰਨ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਗਈ ਹੈ ਤੇ ਸਰੀਰ ‘ਚ ਪਾਣੀ ਦੀ ਕਮੀ ਦੱਸੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਦਿਲ ਦੀ ਧੜਕਨ ਵੀ ਸਹੀ ਨਹੀਂ ਹੈ। ਰਿਪੋਰਟ ਦੇ ਮੁਤਾਬਕ ਜੇਲ ਦੇ ਹਸਪਤਾਲ ‘ਚ ਬਿਹਤਰ ਸੁਵਿਧਾ ਨਾ ਹੋਣ ਕਾਰਨ ਉਨ੍ਹਾਂ ਨੂੰ ਫਲੂਡ ਨਹੀਂ ਚੜਾਇਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਜ਼ਰੂਰੀ ਹੈ। ਜੇਕਰ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਨਾ ਕਰਵਾਇਆ ਗਿਆ ਤਾਂ ਰਾਤ ਨੂੰ ਉਨ੍ਹਾਂ ਦੀ ਹਾਲਤ ਹੋਰ ਵੀ ਵਿਗੜ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅਡਿਆਲਾ ਜੇਲ ‘ਚ ਮਿਲਣ ਵਾਲੇ ਖਾਣੇ ਕਾਰਨ ਨਵਾਜ਼ ਦੇ ਯੁਰਿਨ ‘ਚ ਨਾਈਟ੍ਰੋਜਨ ਦੀ ਮਾਤਰਾ ਵਧ ਗਈ ਹੈ।

VIA PUNJAB