ਤਿਵਾੜੀ ਤੇ ਹੋਰਨਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ

ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਸਿੱਖਿਆ ਮੰਤਰੀ ਦਾ ਮਹਿਕਮਾ ਵੀ ਦੇਖਦੇ ਹਨ ਨੇ ਭਾਜਪਾ ਆਗੂਆਂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁੱਕਦਮਾ ਦਾਇਰ ਕੀਤਾ ਹੈ। ਸ੍ਰੀ ਸਿਸੋਦੀਆ ਨੇ ਭਾਜਪਾ ਦੇ ਪ੍ਰਦੇਸ਼ਕ ਪ੍ਰਧਾਨ ਮਨੋਜ ਤਿਵਾੜੀ, ਸੰਸਦ ਮੈਂਬਰ ਹੰਸ ਰਾਜ ਹੰਸ, ਸੰਸਦ ਪ੍ਰਵੇਸ਼ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ ਤੇ ਵਿਰੋਧੀ ਧਿਰ ਦੇ ਨੇਤਾ ਰੋਹਿਣੀ ਤੋਂ ਵਿਧਾਇਕ ਵਜਿੰਦਰ ਗੁਪਤਾ ਤੇ ਹਰੀਸ਼ ਖੁਰਣਾ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 200 ਸਮੇਤ 499 ਤੇ 500 ਦੀਆਂ ਮੱਦਾਂ 34 ਤੇ 35 ਤਹਿਤ ਮਾਮਲਾ ਦਰਜ ਕਰਵਾ ਕੇ ਦੋਸ਼ ਲਾਇਆ ਕਿ ਇਨ੍ਹਾਂ ਆਗੂਆਂ ਨੇ ਉਨ੍ਹਾਂ (ਸਿਸੋਦੀਆ) ਖ਼ਿਲਾਫ਼ ਗ਼ਲਤ ਬਿਆਨਬਾਜ਼ੀ ਪ੍ਰਿੰਟ, ਇਲੈਕਟ੍ਰਾਨਿਕਸ ਤੇ ਸੋਸ਼ਲ ਮੀਡੀਆ ਉਪਰ ਕਰਕੇ ‘ਅਕਸ’ ਨੂੰ ਵੱਡੀ ਢਾਹ ਲਾਈ ਹੈ। ਉਪਰੋਕਤ ਆਗੂਆਂ ਵੱਲੋਂ ਦਿੱਲੀ ਸਰਕਾਰ ਵੱਲੋਂ 2000 ਕਰੋੜ ਦਾ ਕਥਿਤ ਘੁਟਾਲਾ ਕਰਨ ਬਾਰੇ ਬਿਆਨ ਦਿੱਤੇ ਗਏ ਸਨ ਕਿ ਸਰਕਾਰੀ ਸਕੂਲਾਂ ਵਿੱਚ ਕਮਰੇ ਬਣਾਉਣ ਦੇ ਨਾਂ ’ਤੇ ਵੱਡਾ ਘਪਲਾ ਕੀਤਾ ਗਿਆ ਸੀ। ਸ੍ਰੀ ਸਿਸੋਦੀਆ ਨੇ ਕਿਹਾ ਕਿ ਇਹ ਦੋਸ਼ ਮਾਣਹਾਨੀ ਕਰਨ ਵਾਲੇ ਗ਼ਲਤ ਤੇ ਜਾਣਬੁੱਝ ਕੇ ਲਾਏ ਗਏ ਸਨ। ਦਿੱਲੀ ਦੀ ਰਾਊਜ ਐਵਨਿਊ ਅਦਾਲਤ ਵੱਲੋਂ 22 ਜੁਲਾਈ ਨੂੰ ਇਸ ਮਾਮਲੇ ਉਪਰ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਮਨੋਜ ਤਿਵਾੜੀ ਵੱਲੋਂ 1 ਜੁਲਾਈ ਤੋਂ ਦਿੱਲੀ ਸਰਕਾਰ ਖ਼ਿਲਾਫ਼ ਮੁਹਿੰਮ ਸ਼ੁਰੂ ਕਰਕੇ 2000 ਕਰੋੜ ਦਾ ਮਾਮਲਾ ਉਠਾਇਆ ਜਾਣ ਲੱਗਾ ਸੀ।

VIA PUNJAB