ਥਾਈ ਗੁਫ਼ਾ ’ਚੋਂ ਬਚਾਏ 13 ਜਣਿਆਂ ਨੂੰ ਵੀਰਵਾਰ ਨੂੰ ਮਿਲੇਗੀ ਹਸਪਤਾਲ ਤੋਂ ਛੁੱਟੀ

ਬੈਂਕਾਕ – ਥਾਈਲੈਂਡ ਸਥਿਤ ਇਕ ਗੁਫ਼ਾ ਵਿੱਚੋਂ ਕਈ ਦਿਨ ਚੱਲੇ ਰਾਹਤ ਤੇ ਬਚਾਅ ਕਾਰਜਾਂ ਮਗਰੋਂ ਸੁਰੱਖਿਅਤ ਕੱਢੇ ਗਏ 12 ਫੁਟਬਾਲ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਕ ਥਾਈ ਸਿਹਤ ਅਧਿਕਾਰੀ ਨੇ ਦੱਸਿਆ ਕਿ ਖਿਡਾਰੀਆਂ ਤੇ ਕੋਚ ਨੂੰ ਮਨੋਵਿਗਿਆਨਕ ਪੱਧਰ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਕਾਂ ਦੀ ਵੱਡੀ ਦਿਲਚਸਪੀ ਦੇ ਬਾਵਜੂਦ ਮੀਡੀਆ ਇੰਟਰਵਿਊਜ਼ ਤੋਂ ਗੁਰੇਜ਼ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ‘ਵਾਈਲਡ ਬੋਰਜ਼’ ਨਾਂ ਦੇ ਇਹ ਫੁਟਬਾਲ ਖਿਡਾਰੀਆਂ ਦਾ ਗਰੁੱਪ 23 ਜੂਨ ਨੂੰ ਗੁਫ਼ਾ ਵਿੱਚ ਕਿਸੇ ਸਾਥੀ ਦਾ ਜਨਮ ਦਿਨ ਮਨਾਉਣ ਗਿਆ ਸੀ ਤੇ ਹੜ੍ਹ ਦਾ ਪਾਣੀ ਗੁਫ਼ਾ ’ਚ ਭਰਨ ਕਰਕੇ ਉੱਥੇ ਫ਼ਸ ਗਿਆ ਸੀ। ਇਸ ਮਗਰੋਂ 10 ਜੁਲਾਈ ਤੱਕ ਜੰਗੀ ਪੱਧਰ ’ਤੇ ਚੱਲੇ ਰਾਹਤ ਤੇ ਬਚਾਅ ਆਪਰੇਸ਼ਨ ਮਗਰੋਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਸਿਹਤ ਵਿਭਾਗ ਮੁਤਾਬਕ ਸਾਰੇ 13 ਜਣੇ ਤੰਦਰੁਸਤ ਹਨ। ਅਥਾਰਿਟੀ ਮੁਤਾਬਕ ਸਾਰਿਆਂ ਨੂੰ ਇਕੱਠਿਆਂ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਸਮਾਂ ਬਿਤਾਉਣ ਦੀ ਸਲਾਹ ਦਿੱਤੀ ਗਈ ਹੈ।

VIA PUNJAB