ਨਰਸਿੰਗ ਹਫਤੇ ਦੇ ਪੰਜਵੇਂ ਦਿਨ ਪਿੰਡ ਬੜਮਾਜਰਾ ਵਿਖੇ ਕਮਿਊਨਿਟੀ ਹੈਲਥ ਕੈਂਪ ਦਾ ਆਯੋਜਨ

ਐਸ ਏ ਐਸ ਨਗਰ –  ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵਿਖੇ ਨਰਸਿੰਗ ਵਿਦਿਆਰਥਣਾਂ ਵੱਲੋਂ ਨਰਸਿੰਗ ਹਫਤੇ ਦੇ ਪੰਜਵੇਂ ਦਿਨ ਦੋ ਪ੍ਰੋਗਰਾਮ ”ਕਮਿਊਨਿਟੀ ਹੈਲਥ ਕੈਂਪ” ਅਤੇ ” ਖੇਡਾਂ” ਦਾ ਆਯੋਜਨ ਕੀਤਾ ਗਿਆ| ਸ਼੍ਰੀਮਤੀ ਹੀਰਾ ਮਨੀ ਅਤੇ ਮਿਸ ਜਸ਼ਨਦੀਪ ਕੌਰ ਦੀ ਅਗਵਾਈ ਹੇਠ ਲਗਾਏ ਕਮਿਊਨਿਟੀ ਹੈਲਥ ਕੈਂਪ ਵਿੱਚ ਐਮ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਨਰਸਿੰਗ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ| ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀਮਤੀ ਰਣਜੀਤ ਕੌਰ ਮੁੱਖ ਮਹਿਮਾਨ ਵੱਜੋਂ ਪਹੁੰਚੇ| ਇਸ ਕੈਂਪ ਦਾ ਮਕਸਦ ਨਰਸਿੰਗ ਹਫਤੇ ਦੇ ਥੀਮ ”ਸਾਰਿਆਂ ਲਈ ਸਿਹਤ” ਸੀ| ਇਸ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਦੀ ਸਿਹਤ ਦੀ ਮੁਫਤ ਜਾਂਚ ਕਰਨਾ ਤੇ ਉਹਨਾਂ ਨੂੰ ਸਿਹਤ ਸੰਬੰਧੀ ਸਿੱਖਿਆ ਦੇਣਾ ਸੀ| ਇਸ ਕੈਂਪ ਦੌਰਾਨ ਪਿੰਡ ਵਾਸੀਆਂ ਦਾ ਬੀ.ਐਮ.ਆਈ., ਬਲੱਡ ਪ੍ਰੈਸ਼ਰ, ਖੂਨ ਦੀ ਘਾਟ ਦੀ ਜਾਂਚ ਕੀਤੀ ਗਈ ਤੇ ਖਾਸ ਤੌਰ ਤੇ ਪਿੰਡ ਦੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ| ਇਸ ਕੈਂਪ ਵਿੱਚ ਕੁੱਲ 160 ਪਿੰਡ ਵਾਸੀ ਚੈਕਅੱਪ ਲਈ ਆਏ| ਉਹਨਾਂ ਵਿੱਚੋਂ 14 ਵਿੱਚ ਕੁਪੋਸ਼ਣ, 13 ਵਿੱਚ ਵੱਧ ਬਲੱਡ ਪ੍ਰੈਸ਼ਰ ਅਤੇ 6 ਵਿੱਚ ਘੱਟ ਬਲੱਡ ਪ੍ਰੈਸ਼ਰ, 25 ਵਿੱਚ ਮੋਟਾਪਾ ਅਤੇ 9 ਵਿੱਚ ਖੂਨ ਦੀ ਕਮੀ ਪਾਈ ਗਈ ਤੇ ਉਹਨਾਂ ਨੂੰ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ| ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਪਿੰਡ ਵਾਸੀਆਂ ਨੂੰ ਸਿਹਤ ਸੰਬੰਧੀ, ਵਾਤਾਵਰਨ ਅਤੇ ਸਰੀਰਿਕ ਸਫਾਈ, ਖੁਰਾਕ, ਕਸਰਤਾਂ, ਸੰਚਾਰੀ ਤੇ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਗਰੂਕ ਕੀਤਾ ਗਿਆ| ਪ੍ਰੋਗਰਾਮ ਦੇ ਅੰਤ ਵਿੱਚ ਸਰਪੰਚ ਸ਼੍ਰੀਮਤੀ ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ| ਇਸਦੇ ਨਾਲ ਹੀ ਕਾਲੇਜ ਵਲੋਂ ਸ਼੍ਰੀਮਤੀ ਦਲਜੀਤ ਕੌਰ, ਮਿਸ ਗੁਰਲੀਨ ਕੌਰ ਅਤੇ ਮਿਸ ਰਮਨਦੀਪ ਕੌਰ ਦੀ ਅਗਵਾਈ ਹੇਠ ਖੇਡਾਂ ਦਾ ਆਯੋਜਨ ਕੀਤਾ ਗਿਆ| ਚੇਅਰਮੈਨ ਸ. ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਕੌਰ ਵਾਲੀਆ, ਡਾ ਰਜਿੰਦਰ ਕੌਰ ਢੱਡਾ ਅਤੇ ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਅਧਿਆਪਕਾਵਾਂ ਤੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਵੀ ਇਹੋ ਜਿਹੇ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ|

VIA PUNJAB