ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ

ਐਸ ਏ ਐਸ ਨਗਰ –  ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫੇਜ਼ 2 ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ, ਸਤਿਕਾਰ ਅਤੇ ਪਿਆਰ ਨਾਲ ਮਨਾਇਆ ਗਿਆ| ਇਸ ਮੌਕੇ ਸਵੇਰ ਵੇਲੇ ਨਿਤਨੇਮ ਦੀ ਬਾਣੀ ਦਾ ਗਾਇਨ ਕੀਤਾ ਗਿਆ| ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਭਾਈ ਸ਼ਿਵਚਰਨ ਸਿੰਘ ਲੁਧਿਆਣੇ ਵਾਲੇ, ਭਾਈ ਸਤਨਾਮ ਸਿੰਘ, ਭਾਈ ਮਦਨ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਨਾਲ ਜੋੜਿਆ | ਕਥਾ ਵਾਚਕ ਭਾਈ ਸਾਹਿਬ ਭਾਈ ਮਨਜੀਤ ਸਿੰਘ ਨੇ ਗੁਰੂ ਅਮਰਦਾਸ ਜੀ ਦੀ ਜੀਵਨੀ ਬਾਰੇ ਕਥਾ ਕਰਕੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਭਰਪੂਰ ਜਾਣਕਾਰੀ ਦਿੱਤੀ| ਬੀਬੀ ਭਾਨੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਵੀ ਮਨੋਹਰ ਕੀਰਤਨ ਕੀਤਾ ਅਤੇ ਸੰਗਤੀ ਰੂਪ ਵਿੱਚ ਸ਼ਬਦਾਂ ਦਾ ਗਾਇਨ ਕੀਤਾ|ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਨੇ ਕਿਹਾ ਕਿ ਜੇਕਰ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਰਚਨਾ ਦਾ ਡੂੰਘਾ ਅਧਿਐਨ ਕੀਤਾ ਜਾਵੇ ਤਾਂ ਇਹ ਗੱਲ ਬਿਲਕੁਲ ਪ੍ਰਤੱਖ ਹੋ ਜਾਂਦੀ ਹੈ ਕਿ ਆਪ ਇਕ ਮਹਾਨ ਕਰਮਯੋਗੀ ਅਤੇ ਸਮਾਜਵਾਦੀ ਸਨ| ਉਨ੍ਹਾਂ ਨੇ ਨਾ ਤਾਂ ਕਰਮਹੀਣ ਥੋਥਾ ਅਤੇ ਬਾਹਰੀ ਦਿਖਾਵੇ ਵਾਲਾ ਜੀਵਨ ਜੀਵਿਆ ਅਤੇ ਨਾ ਹੀ ਇਨ੍ਹਾਂ ਦਿਖਾਵਿਆਂ ਨੂੰ ਜੀਵਨ ਵਿੱਚ ਘੋਲਣ ਦੀ ਸਿੱਖਿਆ ਹੀ ਦਿਤੀ| ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ, ਦਰਬਾਰਾ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ ਬੱਗਾ, ਜਸਵੀਰ ਕੌਰ ਪੰਧੇਰ, ਮਨਜੀਤ ਕੌਰ, ਮਨਜੀਤ ਸਿੰਘ ਭੱਲਾ, ਅਵਤਾਰ ਸਿੰਘ, ਮਨਜੀਤ ਸਿੰਘ ਮਾਨ ਵੀ ਸ਼ਾਮਲ ਸਨ|

VIA PUNJAB