ਨਿਊਜ਼ੀਲੈਂਡ ਵਿੱਚ ਹੜ੍ਹ ਕਾਰਨ ਐਮਰਜੈਂਸੀ ਘੋਸ਼ਿਤ, ਸੈਂਕੜੇ ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ

ਵੈਲਿੰਗਟਨ – ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਵਿੱਚ ਤੇਜ਼ ਮੀਂਹ ਨਾਲ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਫਸੇ ਸੈਂਕੜੇ ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਬਚਾਅ ਮੁਹਿੰਮ ਦੌਰਾਨ ਕੁਝ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਕੱਢਿਆ ਗਿਆ। ਅਧਿਕਾਰੀਆਂ ਨੇ ਕੁਝ ਥਾਵਾਂ ਤੇ 40 ਸੈਂਟੀਮੀਟਰ (16 ਇੰਚ) ਮੀਂਹ ਪੈਣ ਮਗਰੋਂ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕੀਤੀ ਹੈ।ਮੌਸਮ ਅਧਿਕਾਰੀਆਂ ਨੇ ਅੱਜ ਸ਼ਾਮ ਤੱਕ ਭਾਰੀ ਮੀਂਹ ਹੋਣ ਦਾ ਅਨੁਮਾਨ ਜਤਾਇਆ ਹੈ। ਸੈਨਾ ਨੇ 50 ਤੋਂ ਵੱਧ ਵਿਅਕਤੀਆਂ ਨੂੰ ਕੱਢਣ ਵਿੱਚ ਮਦਦ ਕੀਤੀ। ਇਸ ਦੌਰਾਨ ਐੱਨ.ਐੱਚ.-90 ਮਿਲਟਰੀ ਹੈਲੀਕਾਪਟਰ ਜ਼ਰੀਏ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸੈਨਾ ਦੇ ਜਨਸੰਪਰਕ ਅਧਿਕਾਰੀ ਕੈਪਟਨ ਜੇਕ ਫੇਵਰ ਨੇ ਦੱਸਿਆ ਕਿ ਦਾਰਫੀਲਡ ਸ਼ਹਿਰ ਵਿੱਚ ਰੁੱਖ ਤੇ ਚੜ੍ਹੇ ਇਕ ਵਿਅਕਤੀ ਨੇ ਹੜ੍ਹ ਦੇ ਪਾਣੀ ਵਿਚ ਛਾਲ ਮਾਰ ਦਿੱਤੀ ਸੀ ਅਤੇ ਤੈਰ ਕੇ ਸੁਰੱਖਿਅਤ ਬਾਹਰ ਆਉਣਾ ਚਾਹੁੰਦਾ ਸੀ ਪਰ ਉਹ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ। ਸੈਨਾ ਦੇ ਹੈਲੀਕਾਪਟਰ ਦੀ ਮਦਦ ਨਾਲ ਉਸ ਦਾ ਪਤਾ ਲਗਾਇਆ ਗਿਆ ਅਤੇ ਉਸ ਨੂੰ ਹੜ੍ਹ ਦੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।ਹੜ੍ਹ ਦੀ ਸਥਿਤੀ ਦੀ ਸਮੀਖਿਆ ਲਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਕ੍ਰਾਈਸਟਚਰਚ ਦਾ ਦੌਰਾ ਕਰਨ ਦੀ ਯੋਜਨਾ ਹੈ।ਨਿਊਜ਼ੀਲੈਂਡ ਦੀ ਯਾਤਰਾ ਤੇ ਆਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਬਾਰੇ ਸੋਚ ਕੇ ਚਿੰਤਤ ਹਨ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਹੜ੍ਹ, ਚੱਕਰਵਾਤ, ਅੱਗ ਦੀਆਂ ਘਟਨਾਵਾਂ ਅਤੇ ਇੱਥੋਂ ਤੱਕ ਕਿ ਚੂਹਿਆਂ ਤੋਂ ਫੈਲਣ ਵਾਲੇ ਪਲੇਗ ਰੋਗ ਤੋਂ ਅਣਜਾਣ ਨਹੀਂ ਹੈ। ਦੋਵਾਂ ਦੇਸ਼ਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਕਾਫੀ ਚੁਣੌਤੀਆਂ ਦੇਖੀਆਂ ਹਨ।

VIA PUNJAB