ਪਾਕਿਸਤਾਨ ਨੇ ਸੈਮੀ-ਫਾਈਨਲ ਦੀਆਂ ਉਮੀਦਾਂ ਬਰਕਰਾਰ ਰੱਖੀਆਂ

ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਦੀ ਕਹਿਰ ਢਾਹੁੰਦੀ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਅਫ਼ਗਾਨਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਪਣੀਆਂ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਸ਼ਾਹੀਨ ਨੇ 47 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਉਸ ਦੀ ਟੀਮ ਨੇ ਅਫਗਾਨਿਸਤਾਨ ਨੂੰ ਨੌਂ ਵਿਕਟਾਂ ’ਤੇ 227 ਦੌੜਾਂ ’ਤੇ ਰੋਕ ਦਿੱਤਾ। ਇਸ ਤੋਂ ਬਾਅਦ ਬਾਬਰ ਆਜ਼ਮ (45 ਦੌੜਾਂ) ਅਤੇ ‘ਮੈਨ ਆਫ ਦਿ ਮੈਚ’ ਰਹੇ ਇਮਾਦ ਵਸੀਮ (ਨਾਬਾਦ 49 ਦੌੜਾਂ) ਦੀਆਂ ਪਾਰੀਆਂ ਦੀ ਮਦਦ ਨਾਲ ਪਾਕਿਸਤਾਨ ਨੇ ਸੱਤ ਵਿਕਟਾਂ ਗੁਆ ਕੇ ਦੋ ਗੇਂਦਾਂ ਬਾਕੀ ਰਹਿੰਦਿਆਂ 230 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਅਫ਼ਗਾਨਿਸਤਾਨ ਦੇ ਮੁਜ਼ੀਬ ਉਰ ਰਹਿਮਾਨ ਅਤੇ ਮੁਹੰਮਦ ਨਬੀ ਨੇ ਦੋ-ਦੋ ਵਿਕਟਾਂ ਲਈਆਂ।ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵੱਲੋਂ ਦੋ ਬੱਲੇਬਾਜ਼ਾਂ ਅਸ਼ਗਰ ਅਫ਼ਗਾਨ ਅਤੇ ਨਜ਼ੀਬੁੱਲ੍ਹਾ ਜ਼ਦਰਾਨ ਨੇ 42-42 ਦੌੜਾਂ ਬਣਾਈਆਂ। ਸ਼ਾਹੀਨ ਤੋਂ ਇਲਾਵਾ ਵਹਾਬ ਰਿਆਜ਼ (29 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਇਮਾਦ ਵਸੀਮ (48 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋ-ਦੋ ਸ਼ਿਕਾਰ ਕੀਤੇ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਅਫ਼ਗਾਨਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ। ਨਿਊਜ਼ੀਲੈਂਡ ਖ਼ਿਲਾਫ਼ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ 19 ਸਾਲਾ ਤੇਜ਼ ਗੇਂਦਬਾਜ਼ ਸ਼ਾਹੀਨ ਨੇ ਪੰਜਵੇਂ ਓਵਰ ਵਿੱਚ ਲਗਾਤਾਰ ਗੇਂਦਾਂ ’ਤੇ ਕਪਤਾਨ ਗੁਲਬਦੀਨ ਨਾਇਬ (15 ਦੌੜਾਂ) ਅਤੇ ਹਸ਼ਮਤੁੱਲ੍ਹਾ ਸ਼ਾਹਿਦੀ (ਸਿਫ਼ਰ) ਨੂੰ ਆਊਟ ਕਰਕੇ ਸਕੋਰ ਦੋ ਵਿਕਟਾਂ ’ਤੇ 57 ਦੌੜਾਂ ਕਰ ਦਿੱਤਾ। ਦੂਜੇ ਸਲਾਮੀ ਬੱਲੇਬਾਜ਼ ਰਹਿਮਤ ਸ਼ਾਹ (43 ਗੇਂਦਾਂ ’ਤੇ 35 ਦੌੜਾਂ) ਫਿਰ ਤੋਂ ਕ੍ਰੀਜ਼ ’ਤੇ ਲੋੜੀਂਦਾ ਸਮਾਂ ਗੁਜ਼ਾਰਨ ਦੇ ਬਾਵਜੂਦ ਲੰਮੀ ਪਾਰੀ ਨਹੀਂ ਖੇਡ ਸਕਿਆ।

VIA PUNJAB