ਪਿਛਲੀਆਂ ਸਰਕਾਰਾਂ ਦੇ ਕਰਜ਼ੇ ਨੇ ਦੇਸ਼ ਨੂੰ ਘੋਰ ਸੰਕਟ ‘ਚ ਪਾਇਆ : ਇਮਰਾਨ

ਲਾਹੌਰ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਬਹੁਤ ਜ਼ਿਆਦਾ ਕਰਜ਼ ਲੈ ਕੇ ਦੇਸ਼ ਨੂੰ ਘੋਰ ਸੰਕਟ ਵਿਚ ਪਾ ਦਿੱਤਾ ਹੈ। ਇਸ ਕਾਰਨ ਪਾਕਿਸਤਾਨ ਦੀ ਆਰਥਿਕ ਸਥਿਤੀ ਮਾੜੀ ਹੋ ਗਈ ਹੈ। ਇਮਰਾਨ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਸ ਦੇ ਬਾਵਜੂਦ ਦੇਸ਼ ਵਿਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਇਸ ਸਮੇਂ ਪਾਕਿਸਤਾਨ ਨੂੰ ਕਰਨਾ ਪੈ ਰਿਹਾ ਹੈ ਉਨ੍ਹਾਂ ਦਾ ਹੱਲ ਬਿਹਤਰ ਸ਼ਾਸਨ ਜ਼ਰੀਏ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਕੇ ਕੀਤਾ ਜਾ ਸਕਦਾ ਹੈ। ਪਾਕਿਸਤਾਨੀ ਰੇਡੀਓ ਨੇ ਇਮਰਾਨ ਦੇ ਹਵਾਲੇ ਨਾਲ ਕਿਹਾ,”ਮੌਜੂਦਾ ਸਮਾਂ ਕਾਫੀ ਚੁਣੌਤੀਪੂਰਣ ਹੈ ਪਰ ਦੇਸ਼ ਇਸ ਸੰਕਟ ਤੋਂ ਬਾਹਰ ਨਿਕਲ ਜਾਵੇਗਾ ਅਤੇ ਸਾਡੀ ਸਰਕਾਰ ਸਾਰੇ ਖੇਤਰਾਂ ਵਿਚ ਸੁਧਾਰ ਸਬੰਧੀ ਨੀਤੀਆਂ ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਨੀਤੀਆਂ ਦਾ ਅਸਰ ਸਰਕਾਰ ਦੇ ਕਾਰਜਕਾਲ ਦੇ ਗਠਨ ਨਾਲ 100 ਦਿਨਾਂ ਦੀ ਮਿਆਦ ਵਿਚ ਦਿਸਣ ਲੱਗੇਗਾ।” ਵਿਦੇਸ਼ਾਂ ਵਿਚ ਕਾਲਾ ਧਨ ਜਮਾਂ ਕਰਾਉਣ ਦੇ ਪਾਕਿਸਤਾਨੀਆਂ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ 10 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਦੀ ਵਿਦੇਸ਼ਾਂ ਵਿਚ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕੀ ਉਨ੍ਹਾਂ ਕੋਲ ਮੁਦਰਾ ਦਾ ਕੋਈ ਕਾਨੂੰਨੀ ਸਰੋਤ ਸੀ। ਬੀਤੇ 5 ਸਾਲਾਂ ਵਿਚ ਪਾਕਿਸਤਾਨੀ ਨਾਗਰਿਕਾਂ ਨੇ ਦੁਬਈ ਵਿਚ 900 ਅਰਬ ਰੁਪਏ ਦੀ ਕੀਮਤ ਦੀ ਜਾਇਦਾਦ ਖਰੀਦੀ ਹੈ ਅਤੇ 300 ਲੋਕਾਂ ਨੂੰ ਨੋਟਿਸ ਦੇ ਕੇ ਉਨ੍ਹਾਂ ਦੀ ਆਮਦਨੀ ਦੇ ਸਰੋਤ ਦੇ ਬਾਰੇ ਵਿਚ ਪੁੱਛਿਆ ਜਾ ਰਿਹਾ ਹੈ।

VIA PUNJAB