ਪੁਲਵਾਮਾ ’ਚ ਪੱਥਰਬਾਜ਼ਾਂ ’ਤੇ ਕੀਤੀ ਫਾਇਰਿੰਗ ’ਚ ਨੌਜਵਾਨ ਹਲਾਕ

ਸ੍ਰੀਨਗਰ – ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਸਲਾਮਤੀ ਦਸਤਿਆਂ ਵੱਲੋਂ ਪੱਥਰਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਕਥਿਤ ਫਾਇਰਿੰਗ ਵਿੱਚ ਇਕ ਨੌਜਵਾਨ ਹਲਾਕ ਹੋ ਗਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਮਗਰੋਂ ਸਲਾਮਤੀ ਦਸਤਿਆਂ ਨੇ ਅੱਜ ਸਵੇਰੇ ਪੁਲਵਾਮਾ ਦੇ ਦਰਜਨ ਪਿੰਡਾਂ ਨੂੰ ਘੇਰਾ ਪਾ ਕੇ ਤਲਾਸ਼ੀ ਅਪਰੇਸ਼ਨ ਵਿੱਢਿਆ ਸੀ। ਇਸ ਦੌਰਾਨ ਨੌਜਵਾਨਾਂ ਦੇ ਇਕ ਗੁੱਟ ਨੇ ਕੁਝ ਥਾਵਾਂ ’ਤੇ ਸਲਾਮਤੀ ਦਸਤਿਆਂ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਅਧਿਕਾਰੀ ਨੇ ਕਿਹਾ ਕਿ ਗੁਸੂ ਪਿੰਡ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਦੋਵਾਂ ਨੂੰ ਐਸਐਮਐਚਐਸ ਹਸਪਤਾਲ ਰੈਫ਼ਰ ਕੀਤਾ ਗਿਆ, ਜਿੱਥੇ ਫਯਾਜ਼ ਅਹਿਮਦ ਵਾਨੀ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਆਖਰੀ ਰਿਪੋਰਟਾਂ ਮਿਲਣ ਤਕ ਪ੍ਰਦਰਸ਼ਨਕਾਰੀਆਂ ਤੇ ਸਲਾਮਤੀ ਦਸਤਿਆਂ ਵਿਚਾਲੇ ਝੜਪਾਂ ਜਾਰੀ ਸਨ। ਇਸ ਦੌਰਾਨ ਵੱਖਵਾਦੀਆਂ ਨੇ ਅੱਜ ਕਸ਼ਮੀਰ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਪੰਚਾਇਤੀ ਤੇ ਨਿਗਮ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਜੁਆਇੰਟ ਰੈਜ਼ਿਸਟੈਂਸ ਲੀਡਰਸ਼ਿਪ (ਜੇਆਰਐਲ), ਜਿਸ ਵਿੱਚ ਵੱਖਵਾਦੀ ਸੱਯਦ ਅਲੀ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਤੇ ਮੁਹੰਮਦ ਯਾਸਿਨ ਮਲਿਕ ਸ਼ਾਮਲ ਹਨ, ਦੀ ਗਿਲਾਨੀ ਦੇ ਹੈਦਰਪੋਰਾ ਸਥਿਤ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਪੰਚਾਇਤੀ ਚੋਣਾਂ ਦੇ ਬਾਇਕਾਟ ਦਾ ਫੈਸਲਾ ਕੀਤਾ ਗਿਆ।

VIA PUNJAB