ਪੰਜਵੇਂ ਟੈਸਟ ਵਿੱਚ ਭਾਰਤ ਦੀ ਹਾਲਤ ਖ਼ਸਤਾ

ਲੰਡਨ – ਭਾਰਤ ਨੇ ਲੜੀ ਦੇ ਪੰਜਵੇਂ ਅਤੇ ਅੰਤਿਮ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਦੀ 332 ਦੌੜਾਂ ਦੀ ਪਾਰੀ ਦੇ ਜਵਾਬ ਵਿੱਚ ਆਪਣੀ ਪਹਿਲੀ ਪਾਰੀ ਦੌਰਾਨ ਛੇ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਭਾਰਤ ਨੇ ਸ਼ਿਖਰ ਧਵਨ (ਤਿੰਨ), ਲੋਕੇਸ਼ ਰਾਹੁਲ (37) ਤੇ ਚੇਤੇਸ਼ਵਰ ਪੁਜਾਰਾ (37) ਦੇ ਰੂਪ ਵਿੱਚ ਪਹਿਲੀਆਂ ਤਿੰਨ ਵਿਕਟਾਂ ਸਕੋਰ ਦਾ ਸੈਂਕੜਾ ਪੂਰਾ ਕਰਨ ਦੇ ਚੱਕਰ ਵਿੱਚ ਹੀ ਗੁਆ ਲਈਆਂ। ਇਸ ਤੋਂ ਬਾਅਦ ਅਜਿੰਕਿਆ ਰਹਾਣੇ ਖਾਤਾ ਵੀ ਨਹੀਂ ਖੋਲ੍ਹ ਸਕਿਆ, ਜਦੋਂਕਿ ਕਪਤਾਨ ਵਿਰਾਟ ਕੋਹਲੀ ਨੀਮ ਸੈਂਕੜਾ (49 ਦੌੜਾਂ) ਬਣਾਉਣ ਤੋਂ ਖੁੰਝ ਗਿਆ। ਭਾਰਤ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ ਅਤੇ ਉਸ ਨੇ ਆਪਣੀ ਪਹਿਲੀ ਵਿਕਟ ਸਿਰਫ਼ ਛੇ ਦੌੜਾਂ ਦੇ ਸਕੋਰ ’ਤੇ ਸ਼ਿਖਰ ਧਵਨ ਵਜੋਂ ਗੁਆਈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬਰੌਡ ਨੇ ਧਵਨ (ਤਿੰਨ) ਨੂੰ ਐਲਬੀਡਬਲਯੂ ਕੀਤਾ। ਭਾਰਤ ਦੀ ਸਲਾਮੀ ਜੋੜੀ ਪਹਿਲੀ ਵਿਕਟ ਲਈ ਸਿਰਫ਼ ਛੇ ਦੌੜਾਂ ਹੀ ਬਣਾ ਸਕੀ। ਧਵਨ ਸਿਰਫ਼ ਛੇ ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੈਵਿਲੀਅਨ ਪਰਤ ਗਿਆ। ਇਸ ਤੋਂ ਪਹਿਲਾਂ ਮੇਜ਼ਬਾਨ ਟੀਮ ਨੇ ਜੋਸ ਬਟਲਰ (89) ਅਤੇ ਸਟੂਅਰਟ ਬਰੌਡ (38) ਦੀਆਂ ਸ਼ਾਨਦਾਰ ਪਾਰੀਆਂ ਸਦਕਾ ਆਪਣੀ ਪਹਿਲੀ ਪਾਰੀ ਵਿੱਚ 332 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਇੰਗਲੈਂਡ ਨੇ ਅੱਜ 198 ਦੌੜਾਂ ’ਤੇ ਸੱਤ ਵਿਕਟਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਬਟਲਰ ਨੇ ਕੰਮਚਲਾਊ ਬੱਲੇਬਾਜ਼ ਆਦਿਲ ਰਸ਼ੀਦ (15) ਅਤੇ ਸਟੂਅਰਟ ਬਰੌਡ (38) ਨਾਲ ਅਹਿਮ ਸਾਂਝੇਦਾਰੀ ਕਰਕੇ ਲੰਚ ਤੱਕ ਇੰਗਲੈਂਡ ਦੇ ਸਕੋਰ ਨੂੰ 300 ਤੋਂ ਪਾਰ ਪਹੁੰਚਾਇਆ। ਲੰਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਆਦਿਲ ਰਸ਼ੀਦ ਵਜੋਂ ਇੱਕ ਹੀ ਵਿਕਟ ਮਿਲ ਸਕੀ, ਜਿਸ ਨੂੰ ਮੀਡੀਅਮ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 15 ਦੌੜਾਂ ਦੇ ਸਕੋਰ ’ਤੇ ਐਲਬੀਡਬਲਯੂ ਕੀਤਾ।

VIA PUNJAB