ਫੈਡਰਰ ਫਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ

ਰੋਜਰ ਫੈਡਰਰ ਅੱਜ ਫਰੈਂਚ ਓਪਨ ਵਿੱਚ ਅਰਜਨਟੀਨਾ ਦੇ ਲਾਇਨਾਰਡੋ ਮੇਅਰ ਨੂੰ ਹਰਾ ਕੇ 28 ਸਾਲ ਵਿੱਚ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ। ਰੋਲਾਂ ਗੈਰਾ ਵਿੱਚ 2015 ਮਗਰੋਂ ਪਹਿਲੀ ਵਾਰ ਖੇਡ ਰਹੇ 37 ਸਾਲ ਦੇ ਫੈਡਰਰ ਨੇ ਦੁਨੀਆਂ ਦੇ 68ਵੇਂ ਨੰਬਰ ਦੇ ਖਿਡਾਰੀ ਮੇਅਰ ਨੂੰ ਸਿੱਧੇ ਸੈੱਟਾਂ ਵਿੱਚ 6-2, 6-3, 6-3 ਨਾਲ ਹਰਾਇਆ। ਪੈਰਿਸ ਵਿੱਚ 2009 ਦਾ ਚੈਂਪੀਅਨ ਫੈਡਰਰ, 1991 ਵਿੱਚ ਯੂਐਸ ਓਪਨ ਦੇ ਕੁਆਰਟਰ ਫਾਈਨਲ ਵਿੱਚ ਜਿੰਮੀ ਕੋਨਰਜ਼ ਦੇ ਥਾਂ ਬਣਾਉਣ ਮਗਰੋਂ ਕਿਸੇ ਗਰੈਂਡ ਸਲੈਮ ਦੇ ਆਖ਼ਰੀ ਅੱਠ ਵਿੱਚ ਥਾਂ ਬਣਾਉਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ।ਫੈਡਰਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ 54ਵੀਂ ਵਾਰ ਖੇਡਦਿਆਂ ਨਜ਼ਰ ਆਵੇਗਾ।ਦੂਜੇ ਪਾਸੇ, ਮਹਿਲਾ ਵਰਗ ਵਿੱਚ ਸੀਨੀਅਰ ਦਰਜਾ ਪ੍ਰਾਪਤ ਨਾਓਮੀ ਓਸਾਕਾ ਅਤੇ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੈਰੇਨਾ ਵਿਲੀਅਮਜ਼ ਦੀ ਹਾਰ ਮਗਰੋਂ 19 ਸਾਲ ਦੀ ਮਾਰਕੇਟਾ ਵੋਨਦਰੋਸੋਵਾ ਨੇ ਅਨਾਸਤਿਸਾ ਸੇਵਾਸਤੋਵਾ ਨੂੰ ਹਰਾ ਕੇ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਦੁਨੀਆਂ ਦੇ 38ਵੇਂ ਨੰਬਰ ਦੀ ਖਿਡਾਰਨ ਮਾਰਕੇਟਾ ਨੇ ਲਾਤਵੀਆ ਦੀ 12ਵਾਂ ਦਰਜਾ ਪ੍ਰਾਪਤ ਸੇਤਾਸਤੋਵਾ ਨੂੰ ਸਿਰਫ਼ 59 ਮਿੰਟ ਵਿੱਚ 6-2, 6-0 ਨਾਲ ਹਰਾਇਆ। ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਲਈ ਹੁਣ ਮਾਰਕੇਟਾ ਦਾ ਸਾਹਮਣਾ ਪੇਤਰਾ ਮਾਰਟਿਚ ਨਾਲ ਹੋਵੇਗਾ।

VIA PUNJAB