ਭਾਰਤੀ ਮਹਿਲਾ ਹਾਕੀ ਟੀਮ ਦੀ ਅਮਰੀਕਾ ਨਾਲ ਟੱਕਰ ਅੱਜ

ਲੰਡਨ – ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚਣ ਦੀ ਉਮੀਦ ਬਣਾਈ ਰੱਖਣ ਲਈ ਪੂਲ ‘ਬੀ’ ਦੇ ਮੈਚ ਵਿੱਚ ਐਤਵਾਰ ਨੂੰ ਅਮਰੀਕਾ ਨਾਲ ਭਿੜੇਗੀ। ਦੂਜੇ ਮੈਚ ਵਿੱਚ ਹੇਠਲੀ ਰੈਂਕਿੰਗ ਦੇ ਆਇਰਲੈਂਡ ਹੱਥੋਂ ਹਾਰ ਝੱਲਣ ਵਾਲੇ ਭਾਰਤ ਨੂੰ ਇਸ ਮੁਕਾਬਲੇ ਵਿੱਚ ਘੱਟ ਤੋਂ ਘੱਟ ਡਰਾਅ ਦੀ ਲੋੜ ਹੋਵੇਗੀ। ਇਸ ਲਈ ਇਹ ਮੈਚ ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਸ਼ੁਰੂਆਤੀ ਮੈਚ ਵਿੱਚ ਭਾਰਤ ਨੇ ਓਲੰਪਿਕ ਚੈਂਪੀਅਨ ਇੰਗਲੈਂਡ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ ਸੀ। ਦੂਜੇ ਮੈਚ ਵਿੱਚ ਉਹ ਉਲਟਫੇਰ ਦਾ ਸ਼ਿਕਾਰ ਹੋ ਕੇ ਆਇਰਲੈਂਡ ਕੋਲੋਂ 0-1 ਨਾਲ ਹਾਰ ਗਿਆ ਸੀ।
ਭਾਰਤੀ ਟੀਮ ਦੋ ਮੈਚਾਂ ਵਿੱਚ ਇੱਕ ਅੰਕ ਨਾਲ ਆਪਣੇ ਪੂਲ ‘ਬੀ’ ਵਿੱਚ ਤੀਜੇ ਸਥਾਨ ’ਤੇ ਹੈ। ਵਿਸ਼ਵ ਦੀ 16ਵੀਂ ਰੈਂਕਿੰਗ ਵਾਲੀ ਆਇਰਲੈਂਡ ਟੀਮ ਲਗਾਤਾਰ ਦੋ ਮੈਚ ਜਿੱਤ ਕੇ ਗਰੁੱਪ ਵਿੱਚ ਚੋਟੀ ’ਤੇ ਹੈ ਅਤੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ ਦੇ ਦੋ ਮੈਚਾਂ ਵਿੱਚ ਦੋ ਅੰਕ ਹਨ ਅਤੇ ਉਹ ਦੂਜੇ ਸਥਾਨ ’ਤੇ ਹੈ। ਅਮਰੀਕਾ ਨੇ ਵੀ ਇੰਗਲੈਂਡ ਨਾਲ ਡਰਾਅ ਖੇਡਿਆ ਹੈ ਅਤੇ ਉਸ ਨੂੰ ਵੀ ਆਇਰਲੈਂਡ ਤੋਂ 1-3 ਗੋਲਾਂ ਨਾਲ ਹਾਰ ਮਿਲੀ। ਹਾਲਾਂਕਿ ਦੋਵਾਂ ਟੀਮਾਂ ਦੇ ਇੱਕ-ਇੱਕ ਅੰਕ ਹਨ, ਪਰ ਭਾਰਤੀ ਟੀਮ ਗੋਲਾਂ ਦੇ ਫ਼ਰਕ ਨਾਲ ਅੱਗੇ ਹੈ। ਵਿਸ਼ਵ ਰੈਂਕਿੰਗ ਵਿੱਚ ਸਤਵੇਂ ਨੰਬਰ ਦੀ ਟੀਮ ਅਮਰੀਕਾ ਦੋ ਮੈਚਾਂ ਵਿੱਚ ਇੱਕ ਅੰਕ ਨਾਲ ਗਰੁੱਪ ਦੇ ਚੌਥੇ ਸਥਾਨ ’ਤੇ ਹੈ। ਵਿਸ਼ਵ ਦੀ ਦਸਵੇਂ ਨੰਬਰ ਦੀ ਟੀਮ ਭਾਰਤ ਨੇ ਜੇਕਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣੀ ਹੈ ਤਾਂ ਉਸ ਨੂੰ ਅਮਰੀਕਾ ਤੋਂ ਇਹ ਮੈਚ ਹਰ ਹਾਲ ਵਿੱਚ ਜਿੱਤਣਾ ਜਾਂ ਡਰਾਅ ਕਰਵਾਉਣਾ ਹੋਵੇਗਾ। ਭਾਰਤ ਨੂੰ ਇੰਗਲੈਂਡ ਖ਼ਿਲਾਫ਼ ਕੋਈ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ। ਉਸ ਨੂੰ ਆਇਰਲੈਂਡ ਖ਼ਿਲਾਫ਼ ਸੱਤ ਵਾਰ ਮੌਕਾ ਮਿਲਿਆ, ਪਰ ਟੀਮ ਕਿਸੇ ਨੂੰ ਵੀ ਗੋਲ ਵਿੱਚ ਨਹੀਂ ਬਦਲ ਸਕੀ। ਹਾਲਾਂਕਿ ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਕੱਲ੍ਹ ਨੂੰ ਇਸ ਮੁਕਾਬਲੇ ਵਿੱਚ ਉਹੀ ਗ਼ਲਤੀਆਂ ਮੁੜ ਨਹੀਂ ਦੁਹਰਾਉਣਾ ਚਾਹੇਗੀ। ਮੁੱਖ ਕੋਚ ਸਯੋਰਡ ਮੈਰੀਨ ਨੇ ਕਿਹਾ, ‘‘ਟੀਮ ਦਾ ਤਾਲਮੇਲ ਅਤੇ ਰਣਨੀਤੀ ਚੰਗੀ ਹੈ, ਜਿਸ ਕਾਰਨ ਅਸੀਂ ਵਿਰੋਧੀ ਖ਼ੇਮੇ ਵਿੱਚ ਕਈ ਮੌਕੇ ਬਣਾਏ, ਪਰ ਇਨ੍ਹਾਂ ਨੂੰ ਗੋਲ ਵਿੱਚ ਨਾ ਬਦਲਣਾ ਸਾਡੇ ਲਈ ਮਹਿੰਗਾ ਸਾਬਤ ਹੋਇਆ।’’ ਉਸ ਨੇ ਕਿਹਾ, ‘‘ਸਾਡਾ ਡਿਫੈਂਡਸ ਅਮਰੀਕਾ ਖ਼ਿਲਾਫ਼ ਫ਼ਾਇਦੇਮੰਦ ਹੋਵੇਗਾ। ਆਇਰਲੈਂਡ ਤੋਂ ਮਿਲੀ ਹਾਰ ਨੇ ਸਾਡੇ ਆਤਮਵਿਸ਼ਵਾਸ ਨੂੰ ਪ੍ਰਭਾਵਿਤ ਨਹੀਂ ਕੀਤਾ। ਅਸੀਂ ਜਾਣਦੇ ਹਾਂ ਕਿ ਅਸੀਂ ਉਨ੍ਹਾਂ ਖ਼ਿਲਾਫ਼ ਕਈ ਮੌਕੇ ਬਣਾਏ, ਜਦਕਿ ਸਾਡਾ ਡਿਫੈਂਸ ਮਜ਼ਬੂਤ ਰਿਹਾ। ਅਸੀਂ ਇਹੀ ਚੀਜ਼ ਅਮਰੀਕਾ ਖ਼ਿਲਾਫ਼ ਵੀ ਦੁਹਰਾ ਸਕਦੇ ਹਾਂ।’’

VIA PUNJAB