ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾ ਸਕਦਾ ਹੈ ਬੁਮਰਾਹ: ਕਲਾਰਕ

ਆਸਟਰੇਲੀਆ ਦੇ 2015 ਵਿਸ਼ਵ ਕੱਪ ਜੇਤੂ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਿਰ ’ਤੇ ਭਾਰਤ ਵਿਸ਼ਵ ਕੱਪ ਜਿੱਤ ਸਕਦਾ, ਪਰ ਆਸਟਰੇਲੀਆ ਲਈ ਇਹੀ ਕੰਮ ਡੇਵਿਡ ਵਾਰਨਰ ਦਾ ਬੱਲਾ ਕਰ ਸਕਦਾ ਹੈ। ਕਲਾਰਕ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਵਿਸ਼ਵ ਕੱਪ ਸੂਚੀ ਵਿੱਚ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਹੋਣਗੇ, ਪਰ ਇਹ ਵੀ ਕਿਹਾ ਕਿ ਕੇਵਿਨ ਪੀਟਰਸਨ ਅਤੇ ਮਾਈਕਲ ਵੌਨ ਚਾਹੇ ਕੁੱਝ ਵੀ ਕਹਿਣ, ਪਰ ਇੰਗਲੈਂਡ ਕੱਪ ਜਿੱਤਣ ਵਾਲਾ ਨਹੀਂ। ਕਲਾਰਕ ਨੇ ਕਿਹਾ, ‘‘ਬੁਮਰਾਹ ਕੋਲ ਸਭ ਕੁੱਝ ਹੈ। ਉਹ ਫਿੱਟ ਅਤੇ ਸਿਹਤਮੰਦ ਹੈ। ਉਹ ਵਿਸ਼ਵ ਕੱਪ ਵਿੱਚ ਭਾਰਤ ਦੀ ਸਫਲਤਾ ਦੀ ਕੁੰਜੀ ਹੋਵੇਗਾ।’’ ਉਸ ਨੇ ਕਿਹਾ ਕਿ ਬੁਮਰਾਹ ਨੂੰ ਆਸਟਰੇਲੀਆ ਖ਼ਾਸ ਕਰਕੇ ਵਾਰਨਰ ਤੋਂ ਚੁਣੌਤੀ ਮਿਲੇਗੀ, ਜੋ ਛੇ ਮੈਚਾਂ ਵਿੱਚ 447 ਦੌੜਾਂ ਬਣਾ ਚੁੱਕਿਆ ਹੈ। ਉਸ ਨੇ ਕਿਹਾ, ‘‘ਮੈਨੂੰ ਵਾਰਨਰ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਸੀ ਕਿ ਉਹ ਅਸਾਧਾਰਣ ਖਿਡਾਰੀ ਹੈ। ਉਹ ਟੀਮ ਦਾ ਐਕਸ ਫੈਕਟਰ ਹੈ। ਆਸਟਰੇਲੀਆ ਜੇਕਰ ਵਿਸ਼ਵ ਕੱਪ ਜਿੱਤਦਾ ਹੈ ਤਾਂ ਡੇਵਿਡ ਵਾਰਨਰ ਸਭ ਤੋਂ ਵੱਧ ਦੌੜਾਂ ਬਣਾਏਗਾ।’’ ਇਹ ਪੁੱਛਣ ’ਤੇ ਕਿ ਬੁਮਰਾਹ ਇਨ੍ਹਾਂ ਖ਼ਤਰਨਾਕ ਗੇਂਦਬਾਜ਼ ਕਿਉਂ ਹੈ, ਕਲਾਰਕ ਨੇ ਕਿਹਾ, ‘‘ਨਵੀਂ ਗੇਂਦ ਨੂੰ ਉਹ ਸਵਿੰਗ ਅਤੇ ਬਹੁਤ ਜ਼ਿਆਦਾ ਤੇਜ਼ ਕਰਵਾ ਸਕਦਾ ਹੈ। ਵਿਚਕਾਰਲੇ ਓਵਰਾਂ ਵਿੱਚ ਜਦੋਂ ਮਦਦ ਨਹੀਂ ਮਿਲਦੀ ਤਾਂ ਉਹ ਵੱਧ ਰਫ਼ਤਾਰ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ।’’

VIA PUNJAB