ਮਿਸ਼ਨ ਤੰਦਰੁਸਤ ਪੰਜਾਬ ਸਦਕਾ ਫਲ ਤੇ ਸਬਜ਼ੀ ਮੰਡੀਆਂ ਵਿਚ ਕੈਮੀਕਲਾਂ ਨਾਲ ਫਲ ਪਕਾਉਣ ਦਾ ਕੋਈ ਵੀ ਮਾਮਲਾ ਸਹਾਮਣੇ ਨਾ ਆਇਆ

10 ਟਨ ਗਲੇ ਸੜੇ ਫਲ਼ ਅਤੇ ਸਬਜੀਆਂ ਕੀਤੀਆਂ ਨਸ਼ਟ
ਚੰਡੀਗੜ – ਸੂਬਾ ਭਰ ਵਿਚ ਚਲ ਰਹੀਆਂ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ ਸਬੰਧੀ ਜਾਂਚ ਦੇ ਮੱਦੇਨਜ਼ਰ ਜ਼ਿਲਾ ਮੰਡੀ ਅਧਿਕਾਰੀਆਂ ਦੀਆਂ 22 ਟੀਮਾਂ ਨੇ ਸੂਬੇ ਦੀਆਂ ਮੁੱਖ ਫਲ ਅਤੇ ਸਬਜ਼ੀ ਮੰਡੀਆਂ ਦੀ ਜਾਂਚ ਕੀਤੀ। ਸ਼ੁੱਕਰਵਾਰ ਨੂੰ ਮੰਡੀਆਂ ਵਿਚ ਪਹੁੰਚੇ 9000 ਟਨ ਫਲ ਅਤੇ ਸਬਜ਼ੀਆਂ ਦੀ ਜਾਂਚ ਕੀਤੀ ਗਈ ਅਤੇ ਕਿਸੇ ਵੀ ਮੰਡੀ ਵਿੱਚ ਕੈਮੀਕਲਾਂ ਦੀ ਵਰਤੋਂ ਨਾਲ ਫਲਾਂ ਨੂੰ ਪਕਾਉਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕੇ.ਐਸ ਪੰਨੂੰ ਨੇ ਦਿੱਤੀ। ਤਿੰਨ ਮਹੀਨੇ ਪਹਿਲਾਂ 05 ਜੂਨ ਨੂੰ ਸ਼ੁਰੂ ਹੋਏ ਇਸ ਮਿਸ਼ਨ ਦਾ ਮੁੱਖ ਉਦੇਸ਼ ਸੂਬੇ ਵਿਚੋਂ ਘਟੀਆ ਕਿਸਮ ਦੇ ਖਾਦ ਪਦਾਰਥਾਂ ‘ਤੇ ਰੋਕ ਲਗਾਉਣ ਅਤੇ ਕੈਮੀਕਲਾਂ ਦੀ ਵਰਤੋਂ ਨਾਲ ਫਲਾਂ ਨੂੰ ਪਕਾਉਣ ਦੀ ਪ੍ਰਕਿਰਿਆ ਨੂੰ ਰੋਕਣਾ ਸੀ। ਕੈਲਸ਼ੀਅਮ ਕਾਰਬਾਇਡ ਦੀ ਵਰਤੋਂ ਨਾਲ ਪਕਾਏ ਗਏ ਫਲ ਕੈਂਸਰ ਹੋਣ ਦਾ ਕਾਰਨ ਬਣਦੇ ਹਨ। ਸੂਬੇ ਵਿਚ ਅਚਨਚੇਤ ਚੈਕਿੰਗਾਂ ਦੀ ਲੜੀ ਨਿਰੰਤਰ ਚਲਾਈ ਗਈ ਅਤੇ ਇਸ ਦੇ ਨਾਲ ਨਾਲ ਜਾਗਰੂਕਤਾ ਸੈਮੀਨਾਰ ਅਤੇ ਕੁਦਰਤੀ ਤਰੀਕੇ ਨਾਲ ਫਲਾਂ ਨੂੰ ਪਕਾਉਣ ਸਬੰਧੀ ਟਰੇਨਿੰਗ ਵੀ ਦਿੱਤੀ ਗਈ। ਮਿਸ਼ਨ ਤੰਦਰੁਸਤ ਪੰਜਾਬ ਦੀਆਂ ਟੀਮਾਂ ਦੇ ਉਪਰਾਲੇ ਰੰਗ ਲਿਆਏ ਅਤੇ ਸਿੱਟੇ ਵਜੋਂ ਸੂਬੇ ਦੀ ਹਰ ਮੰਡੀ ਹੁਣ ਕੈਲਸ਼ੀਅਮ ਕਾਰਬਾਈਡ ਮੁਕਤ ਹੋ ਚੁੱਕੀ ਹੈ। ਇਸ ਕਾਮਯਾਬੀ ਦਾ ਸਿਹਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੰਨਦਿਆਂ ਉਹਨਾਂ ਕਿਹਾ ਕਿ ਸਿਹਤ ਅਤੇ ਵਾਤਾਵਰਣ ਦੀ ਗੁਣਵੱਤਾ ਨੂੰ ਮੁੜ ਬਰਕਰਾਰ ਕਰਨ ਲਈ ਮੁੱਖ ਮੰਤਰੀ ਦੀ ਇੱਛਾ ਕਾਰਨ ਹੀ ਇਹ ਮਿਸ਼ਨ ਹੋਂਦ ਵਿੱਚ ਆਇਆ ਅਤੇ ਅੱਜ ਅਸੀਂ ਮਾਣ ਨਾਲ ਇਹ ਦਾਅਵਾ ਕਰ ਸਕਦੇ ਹਾਂ ਕਿ ਸਾਡੇ ਫਲ ਕੈਲਸ਼ੀਅਮ ਕਾਰਬਾਈਡ ਤੋਂ ਮੁਕਤ ਹਨ। ਇਹਨਾਂ ਛਾਪੇਮਾਰੀਆਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦਸਿਆ ਕਿ ਚੈਕਿੰਗ ਦੌਰਾਨ 10 ਟਨ ਨਾ-ਖਾਣ ਯੋਗ, ਗਲੇ-ਸੜੇ ਫਲ਼ ਅਤੇ ਸਬਜੀਆਂ ਬਰਾਮਦ ਕੀਤੀਆਂ ਗਈਆਂ ਅਤੇ ਮੌਕੇ ‘ਤੇ ਹੀ ਨਸ਼ਟ ਕੀਤੀਆਂ ਗਈਆਂ। ਮੁੱਖ ਰੂਪ ਵਿਚ ਸਮਾਣਾ, ਪਾਤੜਾਂ ਅਤੇ ਗੁਰਦਾਸਪੁਰ ਦੀਆਂ ਮੰਡੀਆਂ ਵਿਖੇ ਗਲੇ ਸੜੇ ਫਲ਼ ਤੇ ਸਬਜੀਆਂ ਪਾਈਆਂ ਗਈਆਂ ਜਿਹਨਾਂ ਵਿਚ ਸਮਾਣਾ ਦੀ ਮੰਡੀ ਤੋਂ 50 ਕਿਲੋ ਕੇਲਾ, 1100 ਕੁਇੰਟਲ ਦੇ ਕਰੀਬ ਸੇਬ (75 ਕਰੇਟਸ), ਪਾਤੜਾਂ ਮੰਡੀ ਤੋਂ 751 ਕਿਲੋ ਸੇਬ, 145 ਕਿਲੋ ਨਿੰਬੂ, 706 ਟਮਾਟਰ ਜਦਕਿ ਗੁਰਦਾਸਪੁਰ ਦੀ ਮੰਡੀ ਤੋਂ ਨਾ-ਖਾਣ ਯੋਗ 1500 ਕਿਲੋ ਫਲ਼ ਅਤੇ 2000 ਕਿਲੋ ਸਬਜੀਆਂ ਬਰਾਮਦ ਕੀਤੀਆਂ ਗਈਆਂ।

VIA PUNJAB