ਮੁਅੱਤਲ ਕੀਤੀ ਅਧਿਆਪਕਾਂ ਦੇ ਪੱਖ ‘ਚ ਉਤਰੇ ਬੇਰੁਜ਼ਗਾਰ ਬੀਐੱਡ ਅਧਿਆਪਕ

ਬਠਿੰਡਾ – ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਡੈਮੋਕ੍ਰੇਟਿਕ ਟੀਚਰਜ਼ ਫਰੰਟ(ਦਿਗਵਿਜੇ) ਦੀ ਆਗੂ ਅਤੇ ਸੰਘਰਸ਼ਸ਼ੀਲ ਅਧਿਆਪਕਾ ਨਵਚਰਨਪ੍ਰੀਤ ਕੌਰ ਨੂੰ ਸਿੱਖਿਆ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਸੂਬਾ ਕਮੇਟੀ ਮੈਂਬਰ ਯੁੱਧਜੀਤ ਸਿੰਘ ਬਠਿੰਡਾ, ਗੁਰਦੀਪ ਮਾਨਸਾ ਅਤੇ ਬਲਕਾਰ ਸਿੰਘ ਮੰਘਾਣੀਆਂ ਨੇ ਕਿਹਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦੇ ਪ੍ਰਭਾਵ ਦੇ ਚਲਦਿਆਂ ਬਠਿੰਡਾ ਦੇ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸੰਘਰਸ਼ਸ਼ੀਲ ਅਧਿਆਪਕਾ ਨਵਚਰਨਪ੍ਰੀਤ ਕੌਰ ਨੂੰ ਮੁਅੱਤਲ ਕਰਨਾ ਸਾਬਤ ਕਰਦਾ ਹੈ ਕਿ ਸਿੱਖਿਆ ਬਚਾਉਣ ਲਈ ਸੰਘਰਸ਼ ਦੇ ਰਾਹ ਪਏ ਅਧਿਆਪਕਾਂ ਨੂੰ ਪੰਜਾਬ ਸਰਕਾਰ ਜ਼ਬਰ ਰਾਹੀਂ ਦਬਾਉਣਾ ਚਾਹੁੰਦੀ ਹੈ, ਪਰ ਪੰਜਾਬ ਦੇ ਸੰਘਰਸ਼ਸ਼ੀਲ ਲੋਕ ਇਹਨਾਂ ਲੋਕ-ਮਾਰੂ ਚਾਲਾਂ ਦਾ ਜਵਾਬ ਇੱਕਜੁੱਟਤਾ ਨਾਲ ਦੇਣਗੇ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਚੋਣਾਂ ਦੇ ਪ੍ਰਚਾਰ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਸਬੰਧੀ ਝੂਠਾ ਪ੍ਰਚਾਰ ਕਰ ਰਹੇ ਹਨ, ਬਹੁਤੀ ਥਾਈਂ ਅਧਿਆਪਕਾਂ ਦੀਆਂ ਨਿੱਜੀ ਕੋਸ਼ਿਸ਼ਾਂ ਸਦਕਾ ਬਣੇ ਸਮਾਰਟ ਸਕੂਲਾਂ ਨੂੰ ਵੀ ਉਹ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸੰਗਰੂਰ ਵਿਖੇ 5 ਮਹੀਨਿਆਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਸਾਰ ਲੈਣ ਅਤੇ ਤੁਰੰਤ ਅਧਿਆਪਕ ਭਰਤੀ ਦਾ ਅਮਲ ਸ਼ੁਰੂ ਕਰਨ।

VIA PUNJAB