ਮੱਧ ਪ੍ਰਦੇਸ਼ ਵਿੱਚ ਭਿਆਨਕ ਸੜਕ ਹਾਦਸਾ, ਤਿੰਨ ਬੱਚਿਆਂ ਸਮੇਤ 6 ਵਿਅਕਤੀਆਂ ਦੀ ਮੌਤ

ਧਾਰ – ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਇੰਦੌਰ-ਅਹਿਮਦਾਬਾਦ ਮਾਰਗ ਤੇ ਤਿਰਲਾ ਥਾਣੇ ਦੇ ਚਿਕਲਯਾ ਫਾਟੇ ਤੇ ਤੇਜ਼ ਰਫ਼ਤਾਰ ਟੈਂਕਰ ਨੇ ਬੀਤੀ ਰਾਤ ਇਕ ਖੜ੍ਹੇ ਪਿਕਅੱਪ ਵਾਹਨ ਨੂੰ ਟੱਕਰ ਮਾਰ ਦਿੱਤੀ| ਪਿਕਅੱਪ ਵਿੱਚ ਮਜ਼ਦੂਰ ਸਵਾਰ ਸਨ| ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ| ਧਾਰ ਜ਼ਿਲ੍ਹੇ ਦੇ ਕਲੈਕਟਰ ਸ਼ੈਲੇਂਦਰ ਸੋਲੰਕੀ ਨੇ ਦੱਸਿਆ ਕਿ ਹਾਦਸਾ ਬੀਤੀ ਰਾਤ ਕਰੀਬ 11.45 ਵਜੇ ਦੇ ਨੇੜੇ-ਤੇੜੇ ਹੋਇਆ| ਉਨ੍ਹਾਂ ਕਿਹਾ ਕਿ ਇਹ ਮਜ਼ਦੂਰ ਸੋਇਆਬੀਨ ਕਟਾਈ ਲਈ ਆਏ ਸਨ ਅਤੇ ਕੰਮ ਤੋਂ ਬਾਅਦ ਜਦੋਂ ਆਪਣੇ ਪਿੰਡ ਕੋਦੀ ਟਾਂਡਾ ਜਾ ਰਹੇ ਸਨ, ਉਦੋਂ ਇਨ੍ਹਾਂ ਦਾ ਵਾਹਨ ਪੰਚਰ ਹੋ ਗਿਆ| ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਵਾਹਨ ਨੂੰ ਖੜ੍ਹਾ ਕਰ ਕੇ ਟਾਇਰ ਬਦਲਦੇ ਸਮੇਂ ਉਸ ਵਿੱਚ ਅਚਾਨਕ ਪਿੱਛਿਓਂ ਤੇਜ਼ ਗਤੀ ਨਾਲ ਆਏ ਟੈਂਕਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ|ਇਸ ਨਾਲ ਵਾਹਨ ਵਿੱਚ ਬੈਠੇ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 9 ਦੀ ਹਾਲਤ ਗੰਭੀਰ ਹੈ| ਉਹਨਾਂ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਜ਼ਖਮੀਆਂ ਨੂੰ ਤਿਰਲਾ ਅਤੇ ਧਾਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ| ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਜਿਤੇਂਦਰ ਕੱਬੂ ਭਿਲਾਲਾ (10), ਰਾਜੇਸ਼ ਭੀਲ (12), ਕੁਵਰ ਸਿੰਘ ਭੀਲ (40), ਸੰਤੋਸ਼ ਸਿੰਘ ਭੀਲ (15), ਸ਼ਰਮਿਲਾ ਭੀਲ (35) ਅਤੇ ਭੂਰੀ ਬਾਈ (25) ਦੇ ਰੂਪ ਵਿੱਚ ਕੀਤੀ ਗਈ ਹੈ| ਇਹ ਸਾਰੇ ਲੋਕ ਕੋਲ ਦੇ ਹੀ ਕੋਦੀ ਟਾਂਡਾ ਦੇ ਰਹਿਣ ਵਾਲੇ ਸਨ| ਉਹਨਾਂ ਦੱਸਿਆ ਕਿ ਜ਼ਖਮੀਆਂ ਦੇ ਇਲਾਜ ਵਿੱਚ ਜੋ ਵੀ ਖਰਚਾ ਆਏਗਾ, ਉਸ ਨੂੰ ਪ੍ਰਸ਼ਾਸਨ ਕਰੇਗਾ|

VIA PUNJAB