ਰਾਸ਼ਿਦ ਨੇ ਵਾਨ ਦੀਆਂ ਟਿੱਪਣੀਆਂ ਨੂੰ ਮੂਰਖਤਾਪੂਰਨ ਕਰਾਰ ਦਿੱਤਾ

ਲੰਡਨ – ਇੰਗਲੈਂਡ ਦੇ ਲੈੱਗ ਸਪਿਨਰ ਆਦਿਲ ਰਾਸ਼ਿਦ ਨੇ ਮਾਈਕਲ ਵਾਨ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਸ ਸਾਬਕਾ ਕਪਤਾਨ ਦੀਆਂ ਟਿੱਪਣੀਆਂ ‘ਮੂਰਖਤਾਪੂਰਨ’ ਹਨ ਅਤੇ ਕੋਈ ਅਰਥ ਨਹੀਂ ਰਖਦੀਆਂ। ਵਾਨ ਨੇ ਰਾਸ਼ਿਦ ਨੂੰ ਭਾਰਤ ਦੇ ਖਿਲਾਫ ਟੈਸਟ ਟੀਮ ‘ਚ ਸ਼ਾਮਲ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਰਾਸ਼ਿਦ ਦੀ ਟੀਮ ‘ਚ ਵਾਪਸੀ ‘ਤੇ ਸਾਬਕਾ ਕ੍ਰਿਕਟਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਅਤੇ ਇਸ ਨੂੰ ‘ਹਾਸੋਹੀਣਾ’ ਕਰਾਰ ਦਿੱਤਾ ਸੀ। ਵਾਨ ਨੇ ਚੋਣਕਰਤਾਵਾਂ ਦੇ ਫੈਸਲੇ ‘ਤੇ ਸਵਾਲ ਉਠਾਏ ਅਤੇ ਕਿਹਾ ਕਿ ਜੋ ਖਿਡਾਰੀ ਲੰਬੇ ਸਮੇਂ ਦੇ ਫਾਰਮੈਟ ‘ਚ ਨਹੀਂ ਖੇਡਣਾ ਚਾਹੁੰਦਾ ਉਸ ਨੂੰ ਸਿਰਫ ਸੀਮਿਤ ਓਵਰਾਂ ਦੀ ਲੈਅ ਦੇ ਕਾਰਨ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। 30 ਸਾਲਾ ਰਾਸ਼ਿਦ ਨੇ 2018 ਦੇ ਸੈਸ਼ਨ ਲਈ ਯਾਰਕਸ਼ਰ ਦੇ ਨਾਲ ਸਿਰਫ ਸੀਮਿਤ ਓਵਰਾਂ ਦੀ ਕ੍ਰਿਕਟ ਦੇ ਲਈ ਕਰਾਰ ਕੀਤਾ ਹੈ। ਰਾਸ਼ਿਦ ਨੇ ਕਿਹਾ ਉਨ੍ਹਾਂ ਦੀ ਟੀਮ ‘ਚ ਵਾਪਸੀ ‘ਤੇ ਵਾਨ ਦੀਆਂ ਟਿੱਪਣੀਆਂ ਸਾਬਕਾ ਖਿਡਾਰੀਆਂ ਦੀ ਬਕਵਾਸ ਦਾ ਹੀ ਹਿੱਸਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ”ਉਹ (ਵਾਨ) ਕੁਝ ਵੀ ਕਹਿ ਸਕਦਾ ਹੈ ਅਤੇ ਉਹ ਸਮਝਦਾ ਹੈ ਕਿ ਲੋਕ ਉਸ ਦੀ ਸੁਣਦੇ ਹਨ। ਪਰ ਉਸ ਦੀ ਟਿੱਪਣੀ ਕਿਸੇ ਲਈ ਵੀ ਕੋਈ ਅਰਥ ਨਹੀਂ ਰਖਦੀ।” ਰਾਸ਼ਿਦ ਨੇ ਕਿਹਾ, ”ਜਦੋਂ ਮੈਂ ਸਾਲ ਦੇ ਸ਼ੁਰੂ ‘ਚ ਕਿਹਾ ਸੀ ਕਿ ਮੈਂ ਲੰਬੇ ਸਮੇਂ ਦੇ ਕ੍ਰਿਕਟ ਦੇ ਫਾਰਮੈਟ ‘ਚ ਨਹੀਂ ਖੇਡਾਂਗਾ ਉਦੋਂ ਵੀ ਉਸ ਨੇ ਟਵੀਟ ਕੀਤਾ ਸੀ। ਉਹ ਵਿਵਾਦਗ੍ਰਸਤ ਸੀ ਅਤੇ ਉਦੋਂ ਵੀ ਮੂਰਖਤਾਪੂਰਨ ਗੱਲਾਂ ਕਹਿ ਰਿਹਾ ਸੀ।” ਇੰਗਲੈਂਡ ਵੱਲੋਂ 10 ਟੈਸਟ ਮੈਚਾਂ ‘ਚ 42.78 ਦੀ ਔਸਤ ਨਾਲ 38 ਵਿਕਟਾਂ ਲੈਣ ਵਾਲੇ ਰਾਸ਼ਿਦ ਨੇ ਕਿਹਾ, ”ਮੈਨੂੰ ਨਹੀਂ ਲਗਦਾ ਕਿ ਉਸ ਦਾ ਮੇਰੇ ਖਿਲਾਫ ਕੋਈ ਏਜੰਡਾ ਹੈ ਪਰ ਕਈ ਵਾਰ ਸਾਬਕਾ ਖਿਡਾਰੀ ਵਰਤਮਾਨ ਖਿਡਾਰੀਆਂ ਦੇ ਬਾਰੇ ‘ਚ ਬਕਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਜੇਕਰ ਉਹ ਸਿਰਫ ਇਸ ਲਈ ਬੋਲ ਰਿਹਾ ਹੈ ਕਿ ਕਿਉਂਕਿ ਉਸ ਕੋਲ ਚੰਗਾ ਕਹਿਣ ਦੇ ਲਈ ਕੁਝ ਵੀ ਨਹੀਂ ਹੈ ਤਾਂ ਫਿਰ ਇਹ ਉਸ ਦੀ ਪਸੰਦ ਹੈ। ਕਈ ਲੋਕ ਹੋਣਗੇ ਜੋ ਖੁਸ਼ ਨਹੀਂ ਹੋਣਗੇ। ਕੁਝ ਨਫਰਤ ਕਰਨ ਵਾਲੇ ਹੋਣਗੇ ਜਿਵੇਂ ਕਿ ਕ੍ਰਿਕਟ ਮਾਹਰ ਕਹਿ ਰਹੇ ਹਨ ਕਿ ਇਹ ਅਪਮਾਨ ਹੈ। ਇਹ ਮੇਰੀ ਗਲਤੀ ਨਹੀਂ ਹੈ।”

VIA PUNJAB