ਵਿਜੀਲੈਂਸ ਵਲੋਂ ਪੰਚਾਇਤੀ ਰਾਜ ਦਾ ਸਹਾਇਕ ਇੰਜੀਨੀਅਰ ਅਤੇ ਪੰਚਾਇਤ ਸਕੱਤਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ – ਵਿਜੀਲੈਂਸ ਬਿਓਰੋ ਪੰਜਾਬ ਵੱਲੋਂ ਪੰਚਾਇਤੀ ਰਾਜ ਬਲਾਕ ਦਿੜਬਾ ਜਿਲਾ ਸੰਗਰੂਰ ਵਿਖੇ ਤਾਇਨਾਤ ਸਹਾਇਕ ਇੰਜੀਨੀਅਰ (ਏ.ਈ) ਸ਼ਿਵ ਕੁਮਾਰ ਅਤੇ ਪੰਚਾਇਤ ਸਕੱਤਰ ਧੰਨਾ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਏ.ਈ ਸ਼ਿਵ ਕੁਮਾਰ ਅਤੇ ਸੂਲਰ ਪਿੰਡ ਦਾ ਸਕੱਤਰ ਧੰਨਾ ਸਿੰਘ ਨੂੰ ਸ਼ਿਕਾਇਤਕਰਤਾ ਸੁਖਦੇਵ ਸਿੰਘ ਵਾਸੀ ਪਿੰਡ ਸੂਲਰ, ਜਿਲਾ ਸੰਗਰੂਰ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਪਤਨੀ ਪਿੰਡ ਸੂਲਰ ਦੀ ਸਰਪੰਚ ਹੈ ਤੇ ਸਰਕਾਰ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ 26 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ। ਇਸ ਗ੍ਰਾਂਟ ਦੀ ਵਰਤੋਂ ਕਰਨ ਉਪਰੰਤ ਬਿਲਾਂ ਦਾ ਇੰਦਰਾਜ ਦਰਜ ਕਰਨ ਅਤੇ ਵਰਤੋਂ ਸਰਟੀਫਿਕੇਟ ਜਾਰੀ ਕਰਨ ਬਦਲੇ ਉਕਤ ਏੀ ਅਤੇ ਸਕੱਤਰ ਵਲੋਂ 1.04 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ।ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਏ.ਈ ਅਤੇ ਸਕੱਤਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਪਹਿਲੀ ਕਿਸ਼ਤ ਦੇ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਹਾਂ ਖਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

VIA PUNJAB