ਵਿਸ਼ਵ ਕੱਪ ਭਾਰਤ ਦਾ ਸ੍ਰੀਲੰਕਾ ਖ਼ਿਲਾਫ਼ ਆਖ਼ਰੀ ਲੀਗ ਮੈਚ ਅੱਜ

ਜਿੱਤ ਦੀ ਲੈਅ ਦੇ ਬਾਵਜੂਦ ਮੱਧ ਕ੍ਰਮ ਹੁਣ ਵੀ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਵਿਰਾਟ ਕੋਹਲੀ ਦੀ ਟੀਮ ਸ਼ਨਿੱਚਰਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਦੇ ਆਖ਼ਰੀ ਗਰੁੱਪ ਮੈਚ ਵਿੱਚ ਉਮੀਦ ਕਰੇਗੀ ਕਿ ਮਹਿੰਦਰ ਸਿੰਘ ਧੋਨੀ ਸੈਮੀ-ਫਾਈਨਲ ਤੋਂ ਪਹਿਲਾਂ ਲੈਅ ਹਾਸਲ ਕਰ ਲਵੇ। ਭਾਰਤ ਪਹਿਲਾਂ ਹੀ ਆਖ਼ਰੀ-ਚਾਰ ਵਿੱਚ ਦੂਜਾ ਸਥਾਨ ਪੱਕਾ ਕਰ ਚੁੱਕਿਆ ਹੈ। ਜੇਕਰ ਖ਼ਿਤਾਬੀ ਦੌੜ ਤੋਂ ਬਾਹਰ ਹੋ ਚੁੱਕੀ ਦੱਖਣੀ ਅਫਰੀਕਾ ਦੀ ਟੀਮ ਟੂਰਨਾਮੈਂਟ ਦੇ ਆਖ਼ਰੀ ਲੀਗ ਮੈਚ ਵਿੱਚ ਆਸਟਰੇਲੀਆ ਨੂੰ ਹਰਾ ਦਿੰਦੀ ਹੈ ਤਾਂ ਸ੍ਰੀਲੰਕਾ ਖ਼ਿਲਾਫ਼ ਜਿੱਤ ਨਾਲ ਭਾਰਤ ਅੰਕ ਸੂਚੀ ਵਿੱਚ ਚੋਟੀ ’ਤੇ ਪਹੁੰਚ ਸਕਦਾ ਹੈ।ਇਸ ਲਈ ਸੀਨੀਅਰ ਸਥਾਨ ਅਤੇ ਨਿਊਜ਼ੀਲੈਂਡ ਖ਼ਿਲਾਫ਼ ਸੰਭਾਵਿਤ ਸੈਮੀ-ਫਾਈਨਲ ਲਈ ਕਾਫ਼ੀ ਮੁਸ਼ੱਕਤ ਕਰਨੀ ਹੋਵੇਗੀ ਕਿਉਂਕਿ ਖ਼ਤਰਨਾਕ ਇੰਗਲੈਂਡ ਦਾ ਸਾਹਮਣਾ ਕਰਨਾ ਮੁਸ਼ਕਲ ਹੋਵੇਗਾ। ਭਾਰਤ ਲਈ ਮੱਧ ਕ੍ਰਮ ਬੱਲੇਬਾਜ਼ੀ ਦੀ ਪਹੇਲੀ ਹਾਲੇ ਵੀ ਹੱਲ ਨਹੀਂ ਹੋਈ ਅਤੇ ਅਜਿਹਾ ਲਗਦਾ ਹੈ ਕਿ ਭਾਰਤੀ ਟੀਮ ਪ੍ਰਬੰਧਨ ਆਪਣੀ ਯੋਜਨਾ ‘ਏ’ ’ਤੇ ਵੱਧ ਨਿਰਭਰ ਹੈ, ਜੋ ਉਸ ਦੇ ਸੀਨੀਅਰ ਕ੍ਰਮ ਦੀ ਸਫਲਤਾ ਹੈ।ਉਪ ਕਪਤਾਨ ਰੋਹਿਤ ਸ਼ਰਮਾ 544 ਦੌੜਾਂ ਨਾਲ ਉਸ ਦਾ ਸਭ ਤੋਂ ਸਫਲ ਬੱਲੇਬਾਜ਼ ਰਿਹਾ ਹੈ। ਉਸ ਨੇ ਇਸ ਦੌਰਾਨ ਰਿਕਾਰਡ ਬਰਾਬਰੀ ਵਾਲੇ ਚਾਰ ਸੈਂਕੜੇ ਜੜੇ। ਕਪਤਾਨ ਕੋਹਲੀ ਲਈ ਇਹ ਵਿਸ਼ਵ ਕੱਪ ਚੰਗਾ ਰਿਹਾ, ਹਾਲਾਂਕਿ ਉਸ ਦੇ ਪੱਧਰ ਅਨੁਸਾਰ ਬਿਹਤਰੀਨ ਨਹੀਂ ਰਿਹਾ ਅਤੇ ਉਸ ਦੇ ਨਾਮ ਪੰਜ ਅਰਧ ਸੈਂਕੜਿਆਂ ਨਾਲ 400 ਤੋਂ ਵੱਧ ਦੌੜਾਂ ਹਨ। ਧੋਨੀ ਲਈ ਆਖ਼ਰੀ ਓਵਰਾਂ ਵਿੱਚ ਬੱਲੇ ਨਾਲ ਬਿਹਤਰ ਪ੍ਰਦਰਸ਼ਨ ਕਰਨ ਲਈ ਸ੍ਰੀਲੰਕਾ ਤੋਂ ਬਿਹਤਰ ਵਿਰੋਧੀ ਟੀਮ ਨਹੀਂ ਹੋ ਸਕਦੀ। ਸ੍ਰੀਲੰਕਾ ਵੱਲੋਂ ਮੁੱਖ ਚੁਣੌਤੀ ਲਸਿਥ ਮਲਿੰਗਾ ਤੋਂ ਮਿਲ ਸਕਦੀ ਹੈ, ਜਦੋਂਕਿ ਆਫ ਸਪਿੰਨਰ ਧਨੰਜੈ ਡਿ ਸਿਲਵਾ ਕਾਫ਼ੀ ਕਿਫ਼ਾਇਤੀ ਰਿਹਾ ਹੈ। ਹੁਣ ਤੱਕ ਦੇ ਮੈਚਾਂ ਵਿੱਚ ਧੋਨੀ ਸਪਿੰਨਰਾਂ ਖ਼ਿਲਾਫ਼ 81 ਗੇਂਦਾਂ ਵਿੱਚ ਸਿਰਫ਼ 47 ਦੌੜਾਂ ਹੀ ਬਣਾ ਸਕਿਆ ਹੈ, ਜਿਸ ਕਾਰਨ ਵਿਚਕਾਰਲੇ ਓਵਰਾਂ ਵਿੱਚ ਧੀਮੀ ਗੇਂਦਬਾਜ਼ਾਂ ਖ਼ਿਲਾਫ਼ ਕਮਜ਼ੋਰੀ ਦਿਸ ਰਹੀ ਹੈ। ਇਸ ਨੂੰ ਵੇਖਦਿਆਂ ਦਿਮੁਥ ਕਰੁਣਰਤਨੇ ਆਪਣੇ ਖੱਬੇ ਹੱਥ ਦੇ ਸਪਿੰਨਰ ਮਿਲਿੰਡਾ ਸਿਰੀਵਰਧਨੇ ਨੂੰ ਉਤਾਰ ਸਕਦਾ ਹੈ।

VIA PUNJAB