ਵਿੰਡੀਜ਼ ‘ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਮੁੰਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪਿਛਲੇ ਦੋ ਮੈਚਾਂ ‘ਚ ਸੈਂਕੜੇ ਵੀ ਜਿੱਤ ਨਹੀਂ ਦਿਵਾ ਸਕੇ ਤੇ ਉਸ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਵਨ ਡੇ ਵਿਚ ਜਿੱਤ ਦਰਜ ਕਰਨ ‘ਤੇ ਸੀਰੀਜ਼ ਵਿਚ ਬੜ੍ਹਤ ਬਣਾਉਣ ਲਈ ਟੀਮ ਨੂੰ ਆਪਣੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਠੀਕ ਤਰ੍ਹਾਂ ਨਾਲ ਲਾਗੂ ਕਰਨਾ ਪਵੇਗਾ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਮੁੰਬਈ ਵਿਚ ਚੌਥਾ ਵਨ ਡੇ ਡੇ-ਨਾਈਟ ਸਵਰੂਪ ਵਿਚ ਸੋਮਵਾਰ ਨੂੰ ਖੇਡਿਆ ਜਾਣਾ ਹੈ, ਜਿਥੇ ਮਹਿਮਾਨ ਟੀਮ ਵਿਰੁੱਧ ਪੰਜ ਮੈਚਾਂ ਦੀ ਸੀਰੀਜ਼ ਵਿਚ ਘਰੇਲੂ ਟੀਮ ਲਈ ਬੜ੍ਹਤ ਬਣਾਉਣਾ ਚੁਣੌਤੀ ਹੋਵੇਗਾ। ਵੈਸਟਇੰਡੀਜ਼ ਵਿਰੁੱਧ ਦੂਜਾ ਵਨ ਡੇ ਟਾਈ ਰਿਹਾ ਸੀ ਤੇ ਪੁਣੇ ਵਿਚ ਤੀਜੇ ਵਨ ਡੇ ‘ਚ ਭਾਰਤ ਨੂੰ 43 ਦੌੜਾਂ ਨਾਲ ਹਾਰ ਝੱਲਣੀ ਪਈ ਸੀ, ਜਿਸ ਨਾਲ ਹੁਣ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਪਹੁੰਚ ਗਈਆਂ ਹਨ। ਘਰੇਲੂ ਟੀਮ ਪਿਛਲੇ ਦੋਵਾਂ ਮੈਚਾਂ ਵਿਚ ਜਿੱਤ ਤੋਂ ਉਦੋਂ ਵਾਂਝੀ ਰਹੀ, ਜਦੋਂ ਵਿਰਾਟ ਨੇ ਦੂਜੇ ਵਨ ਡੇ ‘ਚ ਅਜੇਤੂ 157 ਤੇ ਪਿਛਲੇ ਮੈਚ ਵਿਚ 107 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਕੱਲੇ ਆਪਣੇ ਦਮ ‘ਤੇ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਪੁਣੇ ਮੈਚ ਤੋਂ ਬਾਅਦ ਵਿਰਾਟ ਨੇ ਮੰਨਿਆ ਕਿ ਨਾ ਤਾਂ ਉਸ ਨੂੰ ਦੂਜੇ ਪਾਸੇ ਪਾਸਿਓਂ ਕੋਈ ਮਦਦ ਮਿਲੀ, ਜਿਸ ਨਾਲ ਕੋਈ ਵੱਡੀ ਸਾਂਝੇਦਾਰੀ ਬਣ ਸਕੀ ਤੇ ਨਾ ਹੀ ਟੀਮ ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਚੰਗੀ ਤਰ੍ਹਾਂ ਨਾਲ ਲਾਗੂ ਕਰ ਸਕੀ।
ਭਾਰਤੀ ਟੀਮ 284 ਦੌੜਾਂ ਦੇ ਟੀਚੇ ਸਾਹਮਣੇ 240 ਦੌੜਾਂ ‘ਤੇ ਸਿਮਟ ਗਈ। ਮੈਚ ਵਿਚ 35ਵੇਂ ਓਵਰ ਤਕ ਟੀਮ ਦੀ ਗੇਂਦਬਾਜ਼ੀ ਠੀਕ ਸੀ ਪਰ ਆਖਰੀ 10 ਓਵਰਾਂ ਵਿਚ ਗੇਂਦਬਾਜ਼ਾਂ ਨੇ ਵੱਧ ਦੌੜਾਂ ਦਿੱਤੀਆਂ, ਜਦਕਿ ਬੱਲੇਬਾਜ਼ਾਂ, ਖਾਸ ਤੌਰ ‘ਤੇ ਮੱਧਕ੍ਰਮ ਨੇ ਨਿਰਾਸ਼ ਕੀਤਾ। ਖੁਦ ਵਿਰਾਟ ਨੇ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਹੈ। ਪਿਛਲੇ ਦੋ ਮੈਚਾਂ ‘ਚ ਨਿਰਾਸ਼ਾਜਨਕ ਨਤੀਜਿਆਂ ਤੋਂ ਸਾਫ ਹੈ ਕਿ ਮੁੰਬਈ ‘ਚ ਟੀਮ ਇੰਡੀਆ ਵਿਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

VIA PUNJAB