ਸ਼ਾਹ ਵੱਲੋਂ ਰਾਹੁਲ ਨੂੰ ਧਾਰਾ 370 ਮੁੜ ਲਾਗੂ ਕਰਨ ਦੀ ਚੁਣੌਤੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਇਹ ਐਲਾਨ ਕਰਨ ਦੀ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਉਹ ਜੰਮੂ-ਕਸ਼ਮੀਰ ’ਚ ਧਾਰਾ 370 ਬਹਾਲ ਕਰਨਗੇ।ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਮਤ ਨਾਲ ਦੁਬਾਰਾ ਸੱਤਾ ’ਚ ਆਉਣ ਮਗਰੋਂ ਪਹਿਲਾ ਕੰਮ ਧਾਰਾ 370 ਨੂੰ ਹਟਾਉਣ ਦਾ ਕੀਤਾ ਹੈ, ਜੋ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਸੀ।ਉਨ੍ਹਾਂ ਕਿਹਾ, ‘ਵਿਸ਼ੇਸ਼ ਦਰਜੇ ਦੇ ਕਾਰਨ ਹੀ ਪਾਕਿਸਤਾਨ ਨੇ ਸੂਬੇ ’ਚ ਅਤਿਵਾਦ ਨੂੰ ਭੜਕਾਇਆ, ਜਿਸ ਵਿੱਚ 40 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਕਸ਼ਮੀਰ ਦਾ ਵਿਕਾਸ ਰੁਕ ਗਿਆ ਪਰ ਕਾਂਗਰਸ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕਰਨ ਲਈ ਰਾਜ਼ੀ ਨਹੀਂ ਸੀ। ਉਸ ਨੂੰ ਸਿਰਫ ਆਪਣੇ ਵੋਟ ਬੈਂਕ ਦੀ ਚਿੰਤਾ ਸੀ ਜਦਕਿ ਦੇਸ਼ ਹਿੱਤਾਂ ਨਾਲ ਉਸ ਨੂੰ ਕੋਈ ਲੈਣਾ ਦੇਣਾ ਨਹੀਂ ਸੀ।’’ ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਫ਼ੈਸਲਾ ਲੈਣ ਦਾ ਹੌਂਸਲਾ ਨਹੀਂ ਦਿਖਾਇਆ ਪਰ ਸ੍ਰੀ ਮੋਦੀ ਨੇ ਉਕਤ ਫ਼ੈਸਲਾ ਕਰਕੇ ਦਿਖਾਇਆ ਹੈ।

VIA PUNJAB