ਅਤਿਵਾਦ ਨੂੰ ਸ਼ਹਿ ਦੇ ਰਿਹਾ ਹੈ ਪਾਕਿਸਤਾਨ: ਰਾਜਨਾਥ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਪਿੱਛੇ ਗੁਆਂਢੀ ਮੁਲਕ ਦਾ ਹੱਥ ਹੈ। ਰਾਜਨਾਥ ਨੇ ਦਾਅਵਾ ਕੀਤਾ ਕਿ ਗੁਆਂਢੀ ਦੇਸ਼ ਨੇ ਇਹ ਜਾਣਨ ਤੋਂ ਬਾਅਦ ਹਮਲੇ ਵਿਚ ਸਹਿਯੋਗ ਦਿੱਤਾ ਹੈ ਕਿ ਪਿਛਲੇ ਪੰਜ ਵਰ੍ਹਿਆਂ ਵਿਚ ਭਾਰਤੀ ਬਲਾਂ ਦੀਆਂ ਸਫ਼ਲ ਮੁਹਿੰਮਾਂ ਨਾਲ ਅਤਿਵਾਦੀਆਂ ਦੇ ਹੌਸਲੇ ਪਸਤ ਹੋ ਗਏ ਹਨ। ਗ੍ਰਹਿ ਮੰਤਰੀ ਨੇ ਉੱਤਰੀ ਉਡ਼ੀਸਾ ਦੇ ਇਸ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਪਾਕਿਸਤਾਨ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਪੰਜ ਵਰ੍ਹਿਆਂ ਵਿਚ ਅਤਿਵਾਦੀਆਂ ਖ਼ਿਲਾਫ਼ ਭਾਰਤੀ ਸੁਰੱਖਿਆ ਬਲਾਂ ਦੀਆਂ ਸਫ਼ਲ ਮੁਹਿੰਮਾਂ ਕਾਰਨ ਅਤਿਵਾਦੀਆਂ ਵਿਚ ਨਿਰਾਸ਼ਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਹਮਲੇ ਦਾ ਕਰਾਰਾ ਜਵਾਬ ਦੇਣ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਤੇ ਸੁਰੱਖਿਆ ਬਲਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਦਾ ਪੂਰਾ ਸਮਰਥਨ ਹੈ।

VIA PUNJAB