- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਰੁਨਾ ਚੌਧਰੀ ਵੱਲੋਂ ਜ਼ਿਲਾ ਪ੍ਰੋਗਰਾਮ ਅਧਿਕਾਰੀਆਂ ਨੂੰ ਬੱਚਿਆਂ ਤੇ ਔਰਤਾਂ ਦੀਆਂ ਸਕੀਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੇ ਆਦੇਸ਼
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਖੁਦ ਦੋ ਮਹੀਨਿਆਂ ਬਾਅਦ ਜ਼ਿਲਾ ਅਧਿਕਾਰੀਆਂ ਨਾਲ ਕਰਿਆ ਕਰਨਗੇ ਸਮੀਖਿਆ ਮੀਟਿੰਗ
ਚੰਡੀਗੜ – ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਸੂਬੇ ਦੇ ਸਮੂਹ ਜ਼ਿਲਾ ਪ੍ਰੋਗਰਾਮ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਬੱਚਿਆਂ ਤੇ ਔਰਤਾਂ ਲਈ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਇਨਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਇਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਮੇਟੀ ਰੂਮ ਵਿਖੇ ਚੱਲੀ ਮੈਰਾਥਨ ਮੀਟਿੰਗ ਵਿੱਚ ਸ੍ਰੀਮਤੀ ਚੌਧਰੀ ਨੇ ਹਰ ਸਕੀਮ ਦੀ ਸਮੀਖਿਆ ਕੀਤੀ ਅਤੇ ਫੈਸਲਾ ਕੀਤਾ ਕਿ ਉਹ ਖੁਦ ਦੋ ਮਹੀਨਿਆਂ ਬਾਅਦ ਇਸੇ ਤਰਾਂ ਜ਼ਿਲਾ ਪ੍ਰੋਗਰਾਮ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਾਰੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਕਰਨਗੇ ਜਦੋਂ ਕਿ ਵਿਭਾਗ ਦੇ ਉਚ ਅਧਿਕਾਰੀ ਹਰ ਮਹੀਨੇ ਮੀਟਿੰਗ ਲਿਆ ਕਰਨਗੇ। ਮੀਟਿੰਗ ਦੀ ਸ਼ੁਰੂਆਤ ਵਿੱਚ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ.ਸ੍ਰੀਵਾਸਤਵਾ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਜਦੋਂ ਕਿ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਸਪਰਾ ਨੇ ਮੀਟਿੰਗ ਦੀ ਕਾਰਵਾਈ ਚਲਾਈ।ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ ਕਿਉਂਕਿ ਇਹ ਸਭ ਤੋਂ ਸੰਵੇਦਨਸ਼ੀਲ ਮਾਮਲਾ ਹੈ। ਉਨਾਂ ਕਿਹਾ ਕਿ ਦੋਵਾਂ ਵਰਗਾਂ ਨਾਲ ਕਿਸੇ ਵੀ ਤਰਾਂ ਦੇ ਸੋਸ਼ਣ ਜਾਂ ਅਪਰਾਧ ਤੋਂ ਬਾਅਦ ਪੀੜਤ ਲਈ ਬਣਾਏ ਗਏ ‘ਵਨ ਸਟਾਪ ਸੈਂਟਰ’ ਦੀ ਕਾਰਜਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਉਨਾਂ ਨੂੰ ਦੱਸਿਆ ਗਿਆ ਕਿ ਹਾਲੇ ਪੰਜ ਜ਼ਿਲਿਆਂ ਵਿੱਚ ਇਨਾਂ ਸੈਂਟਰਜ਼ ਦੀ ਉਸਾਰੀ ਨਿਰਮਾਣ ਅਧੀਨ ਹੈ ਜਿਸ ਕਾਰਨ ਇਨਾਂ ਨੂੰ ਆਰਜ਼ੀ ਤੌਰ ‘ਤੇ ਹਸਪਤਾਲਾਂ ਵਿੱਚ ਚਲਾਇਆ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਪੀੜਤ ਦੀ ਸ਼ਨਾਖਤ ਗੁਪਤ ਰੱਖੀ ਜਾਵੇ ਅਤੇ ਉਨਾਂ ਦੀ ਹਰ ਸੰਭਵ ਕਾਨੂੰਨੀ ਅਤੇ ਮੈਡੀਕਲ ਮੱਦਦ ਕਰਨੀ ਯਕੀਨੀ ਬਣਾਈ ਜਾਵੇ। ਇਸੇ ਤਰਾਂ ਉਨਾਂ ਵੱਡੇ ਸ਼ਹਿਰਾਂ ਵਿੱਚ ਕੰਮਕਾਜੀ ਮਹਿਲਾਵਾਂ ਲਈ ਬਣਾਏ ਜਾਣ ਵਾਲੇ ‘ਵਰਕਿੰਗ ਵੂਮੈਨ ਹੋਸਟਲ’ ਦੀ ਸਕੀਮ ਦਾ ਜਾਇਜ਼ਾ ਲਿਆ। ਪਟਿਆਲਾ, ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਵਿਖੇ ਇਨਾਂ ਹੋਸਟਲਾਂ ਲਈ ਜ਼ਮੀਨ ਦੀ ਸ਼ਨਾਖਤ ਕਰ ਲਈ ਗਈ ਹੈ ਜਦੋਂ ਕਿ ਮੁਹਾਲੀ ਵਿਖੇ ਹਾਲੇ ਕਰਨੀ ਹੈ। ਮੰਤਰੀ ਨੇ ਇਸ ਕੰਮ ਨੂੰ ਜਲਦ ਨੇਪਰੇ ਚਾੜਨ ਦੀਆਂ ਹਦਾਇਤਾਂ ਦਿੱਤੀਆਂ ਜਦੋਂ ਕਿ ਬਾਕੀ ਰਹਿੰਦੇ ਹੋਰ ਵੱਡੇ ਸ਼ਹਿਰਾਂ ਨੂੰ ਵੀ ਇਸ ਸਕੀਮ ਅਧੀਨ ਲਿਆਉਣ ਲਈ ਕਿਹਾ। ਉਨਾਂ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਇਹ ਇਕ ਵੱਡਾ ਕਦਮ ਹੋਵੇਗਾ।ਆਂਗਣਵਾੜੀ ਕੇਂਦਰਾਂ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਕਮੀਆਂ ਦੀ ਸਮੀਖਿਆ ਕਰਦਿਆਂ ਸ੍ਰੀਮਤੀ ਚੌਧਰੀ ਨੇ ਇਨਾਂ ਨੂੰ ਤੁਰੰਤ ਦੂਰ ਕਰਨ ਲਈ ਕਿਹਾ। ਉਨਾਂ ਜ਼ਿਲਾ ਵਾਰ ਕੇਂਦਰਾਂ ਵਿੱਚ ਖਾਲੀ ਪਈਆਂ ਹੈਲਪਰਾਂ ਤੇ ਵਰਕਰਾਂ ਦੀਆਂ ਆਸਾਮੀਆਂ ਦੀ ਗਿਣਤੀ ਪੁੱਛੀ ਅਤੇ ਇਨਾਂ ਨੂੰ ਜ਼ਿਲਾ ਪੱਧਰ ‘ਤੇ ਫੌਰੀ ਤੌਰ ‘ਤੇ ਭਰਨ ਦੇ ਹੁਕਮ ਦਿੱਤੇ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨਾਲ ਪੂਰਾ ਤਾਲਮੇਲ ਸਥਾਪਤ ਕਰ ਕੇ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਸਫਲਤਾ ਪੂਰਵਕ ਚਲਾਇਆ ਜਾਵੇ। ਉਨਾਂ ਕਿਹਾ ਕਿ ਜਿਹੜੇ ਆਂਗਣਵਾੜੀ ਕੇਂਦਰ ਸਕੂਲਾਂ ਤੋਂ ਦੂਰ ਹਨ, ਉਨਾਂ ਵਿੱਚ ਅਧਿਆਪਕ ਖੁਦ ਆ ਕੇ ਬੱਚਿਆਂ ਨੂੰ ਪੜਾਇਆ ਕਰਨਗੇ। ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਲੋੜੀਂਦੇ ਰਾਸ਼ਨ ਅਤੇ ਉਨਾਂ ਦੇ ਡਾਈਟ ਸ਼ਡਿਊਲ ਬਾਰੇ ਚਰਚਾ ਕਰਦਿਆਂ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਖੁਰਾਕ ਨਾਲ ਕਿਸੇ ਵੀ ਤਰਾਂ ਦਾ ਸਮਝੌਤਾ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਕੋਈ ਵੀ ਬੱਚਾ ਪੌਸ਼ਟਿਕ ਖੁਰਾਕ ਤੋਂ ਵਾਂਝਾ ਨਾ ਰਹੇ। ਉਨਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਨਾਲ ਤਾਲਮੇਲ ਬਿਠਾ ਕੇ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ।ਸ੍ਰੀਮਤੀ ਚੌਧਰੀ ਨੇ ਪੋਸ਼ਣ ਅਭਿਆਨ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਪਿਛਲੇ ਨਤੀਜਿਆਂ ‘ਤੇ ਤਸੱਲੀ ਪ੍ਰਗਟਾਈ। ਉਨਾਂ ਕਿਹਾ ਕਿ ਇਸ ਸਾਲ ਇਸ ਨੂੰ ਹੋਰ ਵੀ ਵੱਡੇ ਤਰੀਕੇ ਨਾਲ ਚਲਾਇਆ ਜਾਵੇ ਤਾਂ ਜੋ ਕੋਈ ਵੀ ਬੱਚਾ ਕੁਪੋਸ਼ਣ ਨਾ ਰਹੇ। ਉਨਾਂ ਅਧਿਕਾਰੀਆਂ ਨੂੰ 2022 ਤੱਕ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਸਟਟਿੰਗ ਦੀ ਦਰ 38.4 ਫੀਸਦੀ ਤੋਂ ਘਟਾ ਕੇ 25 ਫੀਸਦੀ ਤੱਕ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਕਿਹਾ। ਉਨਾਂ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੋਸ਼ਣ ਅਭਿਆਨ ਅਧੀਨ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਸਾਲਾਨਾ ਐਵਾਰਡਾਂ ਲਈ ਸਾਰੇ ਜ਼ਿਲੇ ਆਪਣਾ ਕੇਸ ਤਿਆਰ ਕਰ ਕੇ ਤੁਰੰਤ ਭੇਜਣ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸੂਬੇ ਦੇ ਸਮੂਹ 22 ਜ਼ਿਲਿਆਂ ਵਿੱਚ ਪਹਿਲੀ ਜੁਲਾਈ 2017 ਤੋਂ ਚਲਾਈ ਜਾ ਰਹੀ ਹੈ ਜਿਸ ਤਹਿਤ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਤੇ ਨਿਊਟਰੀਸ਼ਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਤਿੰਨ ਕਿਸ਼ਤਾਂ ਵਿੱਚ ਕੁੱਲ 5000 ਰੁਪਏ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਮਹਿਲਾਵਾਂ ਨੂੰ 75.98 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਮੌਜੂਦਾ ਵਿੱਤੀ ਵਰੇ 2019-20 ਲਈ ਇਸ ਸਕੀਮ ਲਈ 33.14 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਹੁਣ ਤੱਕ 1,98,659 ਲਾਭਪਾਤਰੀਆਂ ਨੂੰ ਸਕੀਮ ਦੇ ਪੋਰਟਲ ‘ਤੇ ਇਨਰੋਲ ਕੀਤਾ ਜਾ ਚੁੱਕਾ ਹੈ।ਸ੍ਰੀਮਤੀ ਚੌਧਰੀ ਨੇ ਸਮੂਹ ਜ਼ਿਲਾ ਅਧਿਕਾਰੀਆਂ ਨੂੰ ਕਿਹਾ ਕਿ ਨਿਰਭਿਆ ਸਕੀਮ ਤਹਿਤ ਫੰਡ ਹਾਸਲ ਕਰਨ ਲਈ ਹਰ ਜ਼ਿਲਾ ਪ੍ਰਭਾਵਸ਼ਾਲੀ ਯੋਜਨਾ ਬਣਾਏ ਜਿਸ ਨੂੰ ਭਾਰਤ ਸਰਕਾਰ ਕੋਲ ਭੇਜਿਆ ਜਾਵੇ। ਉਨਾਂ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਨੂੰ ਪ੍ਰੈਕਟੀਕਲ ਤਰੀਕੇ ਨਾਲ ਹੇਠਲੇ ਪੱਧਰ ‘ਤੇ ਕਾਮਯਾਬ ਕਰਨ ਲਈ ਨਿਵੇਕਲੇ ਕਦਮ ਸ਼ੁਰੂ ਕਰਨ ਲਈ ਕਿਹਾ। ਉਨਾਂ ਕਿਹਾ ਕਿ ਲੜਕੀਆਂ ਨੂੰ ਸਵੈ ਰੱਖਿਆ ਦੀ ਸਿਖਲਾਈ ਦਿੱਤੀ ਜਾਵੇ। ਇਸੇ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਗੁਰੂ ਜੀ ਨਾਲ ਸਬੰਧਤ ਪਿੰਡਾਂ ਵਿੱਚ ਲਗਾਏ ਜਾਣ ਵਾਲੇ 550 ਪੌਦਿਆਂ ਵਿੱਚੋਂ ਕੁਝ ਪੌਦੇ ਨਵ-ਜਨਮੀਆਂ ਲੜਕੀਆਂ ਦੇ ਪਰਿਵਾਰਾਂ ਹੱਥੋਂ ਲਗਾਏ ਜਾਣ।ਮੀਟਿੰਗ ਵਿੱਚ ਵਿਭਾਗ ਦੇ ਜੁਆਇੰਟ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਮਾਨ, ਡਿਪਟੀ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ, ਰੁਪਿੰਦਰ ਕੌਰ ਤੇ ਅਮਰਜੀਤ ਸਿੰਘ, ਸਮੂਹ ਜ਼ਿਲਾ ਪ੍ਰੋਗਰਾਮ ਅਧਿਕਾਰੀ ਹਾਜ਼ਰ ਸਨ।


