ਅੰਮ੍ਰਿਤਸਰ ਰੇਲ ਹਾਦਸਾ ’ਚ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ

ਅੰਮ੍ਰਿਤਸਰ – ਅੰਮ੍ਰਿਤਸਰ ’ਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਮਗਰੋਂ ਪੜਤਾਲ ਲਈ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ’ਚ ਨਵਜੋਤ ਕੌਰ ਸਿਧੂ ਨੂੰ ਵਡੀ ਰਾਹਤ ਮਿਲ ਗਈ ਹੈ। ਹਾਦਸੇ ਦੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸਭਿਆਚਾਰ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਦੀ ਪਤਨੀ ਨਵਜੋਤ ਕੌਰ ਸਿਧੂ ਨੂੰ ਕਲੀਨ ਚਿਟ ਦੇ ਦਿਤੀ ਹੈ। ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੇ ਕਿਹਾ ਕਿ ਇਸ ਹਾਦਸੇ ਲਈ ਸਿਧੂ ਜੋੜਾ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਸਥਾਨਕ ਪ੍ਰਸ਼ਾਸਨ, ਮਿਉਂਸਿਪਲ ਕਾਰਪੋਰੇਸ਼ਨ, ਰੇਲਵੇ ਅਤੇ ਪੁਲਿਸ ਪ੍ਰਸ਼ਾਸਨ ਇਸ ਹਾਦਸੇ ਦੇ ਜ਼ਿੰਮੇਵਾਰ ਹਨ। ਜਾਂਚ ਰਿਪੋਰਟ ’ਚ ਵੀ ਦਸਿਆ ਗਿਆ ਹੈ ਕਿ ਇਸ ਹਾਦਸੇ ਲਈ ਸਿਧੂ ਜੇੜੇ ਦੇ ਨੇੜਲੇ ਮਿਊਸਪਲ ਕੌਂਸਲਰ ਮਿਠੂ ਮਦਾਨ ਦੇ ਨਾਲ-ਨਾਲ ਦੁਸ਼ਿਹਰੇ ਮੌਕੇ ਕਰਵਾਏ ਗਏ ਸਮਾਗਮ ਦੇ ਪ੍ਰਬੰਧਕ ਜ਼ਿੰਮੇਵਾਰ ਹਨ। ਜਾਂਚ ਰਿਪੋਰਟ ’ਚ ਸਾਹਮਣੇ ਆਈਆਂ ਗਲਾਂ ਮੁਤਾਬਿਕ ਹਾਦਸੇ ਵਾਲੇ ਦਿਨ ਨਵਜੋਤ ਸਿੰਘ ਸਿਧੂ ਅੰਮ੍ਰਿਤਸਰ ’ਚ ਮੌਜੂਦ ਨਹੀਂ ਸਨ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿਧੂ ਮੁਖ ਮਹਿਮਾਨ ਵਜੋਂ ਇਸ ਦੁਸ਼ਹਿਰਾ ਸਮਾਗਮ ’ਚ ਪੁਜੀ ਸਨ, ਉਨ੍ਹਾਂ ਨੂੰ ਵੀ ਇਸਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਰਿਪੋਰਟ ਮੁਤਾਬਿਕ ਮੁਖ ਮਹਿਮਾਨ ਦਾ ਕੰਮ ਸਮਾਗਮ ’ਚ ਪਹੁੰਚਣਾ ਹੁੰਦਾ ਹੈ, ਜਿਸ ਨੂੰ ਸਮਾਗਮ ’ਚ ਸ਼ਮੂਲੀਅਤ ਕਰਨ ਦਾ ਸਦਾ ਦਿਤਾ ਗਿਆ ਹੁੰਦਾ ਹੈ।

VIA PUNJAB