ਅੰਮ੍ਰਿਤਸਰ ਹਾਦਸੇ ਦੀ ਜਾਂਚ ਏ.ਡੀ.ਜੀ.ਪੀ. ਸਹੋਤਾ ਕਰਨਗੇ: ਡੀ.ਜੀ.ਪੀ. ਅਰੋੜਾ

ਡੀ.ਜੀ.ਪੀ. ਵੱਲੋਂ 59ਵੇਂ ਪਲਿਸ ਯਾਦਗਾਰੀ ਦਿਵਸ ਪਰੇਡ ਮੌਕੇ ਸਮਾਗਮ ਦੀ ਪ੍ਰਧਾਨਗੀ

ਜਲੰਧਰ – ਸੂਬੇ ਦੇ ਪੁਲੀਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਅਜ ਆਖਿਆ ਕਿ ਅੰਮ੍ਰਿਤਸਰ ਰੇਲ ਹਾਦਸੇ ਦੀ ਅਪਰਾਧਿਕ ਜ਼ਿੰਮੇਵਾਰੀ ਤੈਅ ਕਰਨ ਲਈ ਏ.ਡੀ.ਜੀ.ਪੀ. (ਰੇਲਵੇ) ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਜਾਂਚ ਸੌਂਪੀ ਗਈ ਹੈ।ਅਜ ਇਥੇ 59ਵੇਂ ਪੁਲੀਸ ਯਾਦਗਾਰੀ ਦਿਵਸ ਪਰੇਡ ਦੌਰਾਨ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਕਿਸੇ ਪਾਸੇ ਤੋਂ ਤਾਂ ਅਣਗਹਿਲੀ ਹੋਈ ਹੈ ਅਤੇ ਇਸ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਦੇ ਹੁਕਮ ਦਿਤੇ ਗਏ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਜਿਸ ਕਰਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਬੀ. ਪੁਰਸਾਰਥਾ ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿਤੇ ਹਨ ਜੋ ਚਾਰ ਹਫ਼ਤਿਆਂ ਵਿਚ ਜਾਂਚ ਸੌਂਪਣਗੇ। ਉਨਾਂ ਕਿਹਾ ਕਿ ਸ੍ਰੀ ਸਹੋਤਾ ਨਿਜੀ ਤੌਰ ‘ਤੇ ਜਾਂਚ ਕਰਨਗੇ ਤਾਂ ਕਿ ਇਸ ਘਟਨਾ ਲਈ ਜ਼ਿੰਮੇਵਾਰੀ ਵਿਅਕਤੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜਾ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।ਇਕ ਹੋਰ ਸਵਾਲ ਦੇ ਜਵਾਬ ਵਿਚ ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਕਿਸੇ ਵੀ ਵਿਦਿਆਰਥੀ ਖਾਸ ਕਰਕੇ ਕਸ਼ਮੀਰੀ ਵਿਦਿਆਰਥੀ ਦੀ ਦੇਸ਼ ਭਗਤੀ ‘ਤੇ ਉਂਗਲ ਚੁਕਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਵਲੋਂ ਮੁਲਕ ਦੇ ਕਿਸੇ ਵੀ ਹਿਸੇ ਵਿਚ ਜਾ ਕੇ ਮਿਆਰੀ ਸਿਖਿਆ ਹਾਸਲ ਕਰਨ ਨੂੰ ਯਕੀਨੀ ਬਣਾਉਣਾ ਸਾਡਾ ਨੈਤਿਕ ਫਰਜ਼ਾ ਬਣਦਾ ਹੈ। ਇਸ ਦੇ ਨਾਲ ਹੀ ਸ੍ਰੀ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਨਾਗਰਿਕ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ।ਸੂਬੇ ਦੇ ਪੁਲੀਸ ਮੁਖੀ ਨੇ ਕਿਹਾ ਕਿ ਉਨਾਂ ਨੇ ਜ਼ਿਲਿਆਂ ਦੇ ਪੁਲੀਸ ਮੁਖੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰਕੇ ਆਖਿਆ ਕਿ ਵਿਦਿਅਕ ਸੰਸਥਾਵਾਂ ਵਿਚ ਤਾਲੀਮ ਹਾਸਲ ਕਰ ਰਹੇ ਵਿਦਿਆਰਥੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ ਕਰਕੇ ਭਰੋਸਾ ਦਿਤਾ ਜਾਵੇ ਕਿ ਉਨ੍ਹਾਂ ਦੀ ਕਿਸੇ ਵੀ ਤਰਾਂ ਦੀ ਮੁਸ਼ਕਲ ਵਿਚ ਸਹਾਇਤਾ ਲਈ ਪੁਲੀਸ ਹਾਜ਼ਰ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਮੁਲਕ ਦੇ ਕਿਸੇ ਵੀ ਹਿਸੇ ਤੋਂ ਆਏ ਵਿਦਿਆਰਥੀਆਂ ਨਾਲ ਬੇਗਾਨੀ ਵਾਲਾ ਵਿਵਹਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਦਸਿਆ ਕਿ ਜੇਕਰ ਕੋਈ ਸ਼ਿਕਾਇਤ ਹੈ ਤਾਂ ਇਸ ਦੇ ਹਲ ਲਈ ਏ.ਡੀ.ਜੀ.ਪੀ. (ਕਮਿਊਨਿਟੀ ਪੁਲਿਸਿੰਗ) ਸ੍ਰੀ ਈਸ਼ਵਰ ਸਿੰਘ ਅਤੇ ਆਈ.ਜੀ. ਵੀ. ਨੀਰਜਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਕਿਸੇ ਕਿਸਮ ਦੀ ਸਮਸਿਆ ਲਈ ਵਿਦਿਆਰਥੀ ਇਨਾਂ ਅਧਿਕਾਰੀਆਂ ਨਾਲ ਰਾਬਤਾ ਕਰ ਸਕਦਾ ਹੈ।ਇਕ ਹੋਰ ਸਵਾਲ ਦੇ ਜਵਾਬ ਵਿਚ ਡੀ.ਜੀ.ਪੀ. ਨੇ ਕਿਹਾ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਸ਼ੋਸਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਪ੍ਰਤੀ ਸਖਤੀ ਨਾਲ ਨਿਪਟਿਆ ਜਾਵੇਗਾ। ਉਨਾਂ ਕਿਹਾ ਕਿ ਸਾਲ 1984-1994 ਦੇ ਕਾਲੇ ਦੌਰ ਦੌਰਾਨ ਵੀ ਅਜਿਹੀਆਂ ਹੀ ਚਾਲਾਂ ਚਲੀਆਂ ਗਈਆਂ ਸਨ ਪਰ ਨੌਜਵਾਨਾਂ ਨੂੰ ਅਜਿਹੇ ਯਤਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਰਸਤੇ ‘ਤੇ ਚਲਣ ਦੀ ਬਜਾਏ ਮੁਲਕ ਖਾਸ ਕਰਕੇ ਸੂਬੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਖੁਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਲਈ ਇਹ ਮਾਣ ਵਾਲੀ ਗਲ ਹੈ ਕਿ ਸਾਲ 1981 ਤੋਂ 2017 ਤਕ 2719 ਪੁਲਿਸ ਅਫਸਰਾਂ ਤੇ ਕਰਮਚਾਰੀਆਂ ਨੇ ਮੁਲਕ ਦੀ ਏਕਤਾ ਤੇ ਅਖੰਡਤਾ ਅਤੇ ਅਮਨ-ਸ਼ਾਂਤੀ ਦੀ ਰਾਖੀ ਖਾਤਰ ਆਪਣੀਆਂ ਜਾਨਾਂ ਨਿਛਾਵਰ ਕਰ ਦਿਤੀਆਂ। ਸ੍ਰੀ ਅਰੋੜਾ ਨੇ ਕਿਹਾ ਕਿ ਇਨਾਂ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਪੁਲੀਸ ਅਫਸਰਾਂ/ਮੁਲਾਜ਼ਮਾਂ ਦੀ ਨਵੀਂ ਪੀੜੀ ਨੂੰ ਆਪਣੀ ਮਾਤ ਭੂਮੀ ਦੀ ਖਾਤਰ ਮਰ-ਮਿਟਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।ਡੀ.ਜੀ.ਪੀ. ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਤਵਾਦ ਵਿਰੁਧ ਲੜਦਿਆਂ ਸ਼ਹੀਦ ਹੋਣ ਵਾਲੇ ਅਫਸਰਾਂ ਦੀ ਵਿਸ਼ੇਸ਼ ਪਰਿਵਾਰ ਪੈਨਸ਼ਨ ਬਹਾਲ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ।ਇਸ ਦੌਰਾਨ ਡੀ.ਜੀ.ਪੀ. ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।ਇਸ ਮੌਕੇ ਡੀ.ਜੀ.ਪੀ. ਸ੍ਰੀ ਐਮ.ਕੇ. ਤਿਵਾੜੀ, ਡੀ.ਜੀ.ਪੀ. (ਸੇਵਾ-ਮੁਕਤ) ਸ੍ਰੀ ਐਮ.ਐਸ. ਭੁਲਰ, ਏ.ਡੀ.ਜੀ.ਪੀਜ਼ ਸ੍ਰੀ ਗੌਰਵ ਯਾਦਵ, ਸ੍ਰੀ ਕੁਲਦੀਪ ਸਿੰਘ, ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ, ਸ੍ਰੀ ਸੰਜੀਵ ਕਾਲੜਾ, ਆਈ.ਜੀ. ਜਸਕਰਨ ਸਿੰਘ, ਸ੍ਰੀ ਆਰ.ਪੀ.ਐਸ. ਬਰਾੜ, ਸ੍ਰੀ ਅਮਰ ਸਿੰਘ ਚਾਹਲ, ਸ੍ਰੀ ਨੌਨਿਹਾਲ ਸਿੰਘ ਅਤੇ ਪ੍ਰਮੋਦ ਬਾਨ, ਪੁਲੀਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁਲਰ, ਡੀ.ਆਈ.ਜੀ. ਸ੍ਰੀ ਐਸ.ਕੇ. ਕਾਲੀਆ ਤੇ ਸ੍ਰੀ ਪਵਨ ਉਪਲ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਾਂਡੈਂਟ ਸ੍ਰੀ ਰਾਜਿੰਦਰ ਸਿੰਘ ਤੇ ਸ੍ਰੀ ਰਾਜ ਪਾਲ ਸਿੰਘ ਸੰਧੂ, ਐਸ.ਐਸ.ਪੀ. ਸ੍ਰੀ ਨਵਜੋਤ ਸਿੰਘ ਮਾਹਲ ਅਤੇ ਹੋਰ ਵੀ ਹਾਜ਼ਰ ਸਨ।

VIA PUNJAB