ਅੱਤਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ਾਂ ਨੂੰ ਠਹਿਰਾਇਆ ਜਾਵੇ ਜ਼ਿੰਮੇਵਾਰ : ਨਰਿੰਦਰ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸੰਮੇਲਨ ਨੂੰ ਸੰਬੋਧਿਤ ਕੀਤਾ| ਆਪਣੇ ਸੰਬੋਧਨ ਵਿੱਚ ਪੀ.ਐਮ. ਮੋਦੀ ਨੇ ਅੱਤਵਾਦ ਵਿਰੁੱਧ ਲੜਾਈ ਤੇ ਗਲੋਬਲ ਸੰਮੇਲਨ ਦੀ ਅਪੀਲ ਕਰਦਿਆਂ ਪਾਕਿਸਤਾਨ ਤੇ ਅਸਿੱਧੇ ਤੌਰ ਤੇ ਹਮਲਾ ਬੋਲਿਆ ਅਤੇ ਕਿਹਾ,”ਅੱਤਵਾਦ ਨੂੰ ਪ੍ਰਾਯੋਜਿਤ ਕਰਨ ਵਾਲੇ, ਇਸ ਵਿਚ ਮਦਦ ਦੇਣ ਵਾਲੇ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਵਾਲੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ|”ਮੋਦੀ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਐਸ.ਸੀ.ਓ. ਦੀ ਭਾਵਨਾ ਅਤੇ ਉਸ ਦੇ ਵਿਚਾਰਾਂ ਨੂੰ ਰੇਖਾਂਕਿਤ ਕੀਤਾ| ਉਨ੍ਹਾਂ ਨੇ ਕਿਹਾ,”ਭਾਰਤ ਅੱਤਵਾਦ ਮੁਕਤ ਸਮਾਜ ਲਈ ਖੜ੍ਹਾ ਹੈ| ਅੱਤਵਾਦ ਨਾਲ ਨਜਿੱਠਣ ਲਈ ਦੇਸ਼ਾਂ ਨੂੰ ਆਪਣੇ ਤੰਗ ਦਾਇਰੇ ਤੋਂ ਬਾਹਰ ਆ ਕੇ ਇਸ ਵਿਰੁੱਧ ਇਕਜੁੱਟ ਹੋਣਾ ਹੋਵੇਗਾ|” ਪ੍ਰਧਾਨ ਮੰਤਰੀ ਮੋਦੀ ਨੇ ਐਸ.ਸੀ.ਓ. ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਐਸ.ਸੀ.ਓ. ਖੇਤਰੀ ਅੱਤਵਾਦ ਵਿਰੋਧੀ ਢਾਂਚੇ ਦੇ ਤਹਿਤ ਸਹਿਯੋਗ ਕਰਨ| ਉਨ੍ਹਾਂ ਨੇ ਐਸ.ਸੀ.ਓ. ਨੇਤਾਵਾਂ ਨੂੰ ਅੱਤਵਾਦ ਤੇ ਇਕ ਗਲੋਬਲ ਸੰਮੇਲਨ ਆਯੋਜਿਤ ਕਰਨ ਦੀ ਵੀ ਅਪੀਲ ਕੀਤੀ|ਮੋਦੀ ਦੋ ਦਿਨੀਂ ਐਸ.ਸੀ.ਓ. ਸੰਮੇਲਨ ਲਈ ਹਿੱਸਾ ਲੈਣ ਲਈ ਵੀਰਵਾਰ ਨੂੰ ਬਿਸ਼ਕੇਕ ਪਹੁੰਚੇ ਸਨ| ਐਸ.ਸੀ.ਓ. ਚੀਨ ਦੀ ਅਗਵਾਈ ਵਾਲਾ 8 ਮੈਂਬਰੀ ਆਰਥਿਕ ਅਤੇ ਸੁਰੱਖਿਆ ਸਮੂਹ ਹੈ ਜਿਸ ਵਿਚ ਭਾਰਤ ਅਤੇ ਪਾਕਿਸਤਾਨ 2017 ਵਿੱਚ ਸ਼ਾਮਲ ਕੀਤੇ ਗਏ ਸਨ|

VIA PUNJAB