ਆਈ ਐਸ ਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ : ਅਕਾਲੀ ਦਲ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਹੱਕ ਵਿਚ ਗਤੀਵਿਧੀਆਂ ਨੇ ਆਈ ਐਸ ਆਈ ਤੇ ਪਾਕਿਸਤਾਨ ਨੂੰ ਭਾਰਤ ਵਿਰੋਧੀ ਮੁਹਿੰਮ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਉਹ ਸਿੱਖਾਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾ ਰਹੇ ਹਨ ਤੇ ਉਹਨਾਂ ਨੂੰ ਆਪਣੇ ਮੁਲਕ ਭਾਰ ਖਿਲਾਫ ਭੜਕਾਉਣ ਦਾ ਯਤਨ ਕਰ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਆਈ ਐਸ ਆਈ ਨਵਜੋਤ ਸਿੰਘ ਸਿੱਧੂ ਦੇ ਚੇਹਰੇ ਨੂੰ ਵਰਤ ਰਹੀ ਹੈ ਤੇ ਸਿੱਧੂ ਪਾਕਿਸਤਾਨ ਦੀ ਧਰਤੀ ’ਤੇ ਭਾਰਤ ਵਿਰੋਧੀਆਂ ਨਾਲ ਜੱਫੀਆਂ ਪਾ ਰਹੇ ਹਨ ਤੇ ਅਜਿਹੀਆਂ ਕਾਰਵਾਈਆਂ ਨੂੰ ਬੜੀ ਸ਼ਿੱਦਤ ਨਾਲ ਜਾਇਜ਼ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਨੇੜਤਾ ਵਿਖਾਉਣ ਮਗਰੋਂ ਸਿੱਧੂ ਦੀ ਹੁਣ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਵਾਇਰਲ ਹੋੲਂ ਹੈ। ਚਾਵਲਾ ਨਾ ਸਿਰਫ ਹਾਫੀਜ਼ ਸਈਦ ਵਰਗੇ ਅਤਿਵਾਦੀਆਂ ਦੇ ਹਮਾਇਤੀ ਹਨ ਬਲਕਿ ਉਹ ਸਿੱਖਾਂ ਵੱਲੋਂ ਭਾਰਤ ਨੂੰ ਧਮਕੀਆਂ ਦੇਣ ਦੀਆਂ ਵੀਡੀਓ ਵੀ ਜਾਰੀ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਿੱਧੂ ਦੀਆਂ ਗਤੀਵਿਧੀਆਂ ਕਾਰਨ ਆਈ ਐਸ ਆਈ ਨੇ ਭਾਰਤ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ’ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਦੀ ਹਮਾਇਤ ਕਰਨ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਵਿਸ਼ਵ ਭਰ ਵਿਚ ਰਹਿ ਰਹੇ ਕਰੋੜਾਂ ਸਿੱਖਾਂ ਨੇ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਹੈ ਤੇ ਉਹ ਇਹ ਲਾਂਘਾ ਛੇਤੀ ਮੁਕੰਮਲ ਹੋਣ ਵੱਲ ਵੇਖ ਰਹੇ ਹਨ ਤਾਂ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।

VIA PUNJAB