- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਬਾਦੀ ਕੰਟਰੋਲ ‘ਚ ਹੋਰ ਸੂਬਿਆਂ ਲਈ ਰੋਲ ਮਾਡਲ ਬਣ ਸਕਦੈ ਪੰਜਾਬ: ਬਲਬੀਰ ਸਿੰਘ ਸਿੱਧੂ
ਵਿਸ਼ਵ ਆਬਾਦੀ ਦਿਵਸ ਮੌਕੇ ਮੋਹਾਲੀ ਵਿੱਚ ਹੋਇਆ ਸੂਬਾ ਪੱਧਰੀ ਸਮਾਗਮ
ਚੰਡੀਗੜ੍ਹ – ”ਸੂਬੇ ਦੀ ਹਰ ਸਰਕਾਰੀ ਸੰਸਥਾ ਵਿੱਚ ਲੋੜੀਂਦੀਆਂ ਦਵਾਈਆਂ ਪੂਰੀਆਂ ਕਰਨਾ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ। ਕੁੱਝ ਥਾਈਂ ਸਰਕਾਰੀ ਡਾਕਟਰ ਪ੍ਰਾਈਵੇਟ ਦੁਕਾਨਾਂ ਤੋਂ ਮਿਲਣ ਵਾਲੀਆਂ ਮਹਿੰਗੀਆਂ ਦਵਾਈਆਂ ਦੀ ਸਿਫ਼ਾਰਸ਼ ਕਰ ਦਿੰਦੇ ਹਨ, ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾਕਟਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰੀ ਹਸਪਤਾਲ ਵਿੱਚ ਹੀ ਮਿਲਣ ਵਾਲੀਆਂ ਦਵਾਈਆਂ ਲਿਖਣ ਨੂੰ ਤਰਜੀਹ ਦੇਣ।” ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਆਬਾਦੀ ਦਿਵਸ ਮੌਕੇ ਸਥਾਨਕ ਰਾਜ ਸਿਹਤ ਅਤੇ ਪਰਿਵਾਰ ਭਲਾਈ ਸੰਸਥਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ।ਸ. ਸਿੱਧੂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਪੰਜਾਬ ਨੂੰ ਇਕ ਨੰਬਰ ਸੂਬਾ ਬਣਾਇਆ ਜਾਵੇ ਜਿਸ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਨਦੇਹੀ ਨਾਲ ਯਤਨ ਕਰ ਰਹੇ ਹਨ। ਆਬਾਦੀ ਕੰਟਰੋਲ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਹੋਰਨਾਂ ਸੂਬਿਆਂ ਨਾਲੋਂ ਕਾਫ਼ੀ ਬਿਹਤਰ ਹੈ। ਸੂਬੇ ਵਿੱਚ ਪਿਛਲੇ ਕੁੱਝ ਸਮੇਂ ਦੌਰਾਨ ਆਬਾਦੀ ਵਧਣ ਦੀ ਰਫ਼ਤਾਰ ਕਾਫ਼ੀ ਮੱਠੀ ਪਈ ਹੈ, ਜਿਸ ਦਾ ਸਿਹਰਾ ਸਿਹਤ ਵਿਭਾਗ ਦੇ ਤਮਾਮ ਮੁਲਾਜ਼ਮਾਂ ਖ਼ਾਸਕਰ ਏਐਨਐਮਜ਼ ਅਤੇ ਆਸ਼ਾ ਵਰਕਰਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਦਾ ਬੋਝ ਸਾਰੀ ਧਰਤੀ ਉਤੇ ਹੈ, ਇਸ ਲਈ ਜੇ ਅਸੀਂ ਹੋਰ ਜ਼ਿਆਦਾ ਲਗਨ ਅਤੇ ਮਿਹਨਤ ਨਾਲ ਯਤਨ ਕਰੀਏ ਤਾਂ ਸਾਡਾ ਸੂਬਾ ਹੋਰਾਂ ਲਈ ਰੋਲ ਮਾਡਲ ਬਣ ਸਕਦਾ ਹੈ।’ਪਰਿਵਾਰ ਨਿਯੋਜਨ ਨਾਲ ਨਿਭਾਓ ਜ਼ਿੰਮੇਵਾਰੀ, ਮਾਂ ਤੇ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਿਆਰੀ’ ਨਾਅਰੇ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਆਬਾਦੀ ਕੰਟਰੋਲ ਦੇ ਮੈਡੀਕਲ ਤਰੀਕਿਆਂ ਬਾਰੇ ਪਰਵਾਸੀ ਮਜ਼ਦੂਰਾਂ ਨੂੰ ਸੱਭ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਨੂੰ ਆਬਾਦੀ ਦੇ ਵਾਧੇ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਛੋਟਾ ਪਰਿਵਾਰ ਰੱਖਣ ਲਈ ਪ੍ਰੇਰੀਏ। ਉਨ੍ਹਾਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਿੱਚ ਚੰਗਾ ਕੰਮ ਕਰਨ ਵਾਲਿਆਂ ਨੂੰ ਸ਼ਾਬਾਸ਼ੀ ਵੀ ਦੇਣੀ ਬਣਦੀ ਹੈ, ਇਸ ਲਈ ਭਵਿੱਖ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਪੁਰਸਕਾਰ ਨਾਲ ਨਿਵਾਜਦਿਆਂ ਸੂਬਾ ਪੱਧਰ ‘ਤੇ ਸਨਮਾਨਤ ਕੀਤਾ ਜਾਵੇਗਾ।ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸਿਹਤ ਵਿਭਾਗ ਵਿੱਚ ਸਟਾਫ਼ ਦੀ ਕਮੀ ਹੈ ਅਤੇ ਸਾਡੇ ਕੋਲ ਸੀਮਤ ਸਾਧਨ ਹਨ ਪਰ ਇਸ ਸੱਭ ਦੇ ਬਾਵਜੂਦ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣਾ, ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਆਬਾਦੀ ਕੰਟਰੋਲ ਦੇ ਮਾਮਲੇ ਵਿੱਚ ਪੰਜਾਬ ਮੂਹਰਲੀ ਕਤਾਰ ਦਾ ਸੂਬਾ ਹੈ, ਫਿਰ ਵੀ ਹਾਲੇ ਲੰਮਾ ਪੈਂਡਾ ਪਿਆ ਹੈ। ਸ. ਚੀਮਾ ਨੇ ਦੱਸਿਆ ਕਿ 11 ਤੋਂ 24 ਜੁਲਾਈ ਤੱਕ ਆਬਾਦੀ ਕੰਟਰੋਲ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਹਰ ਸ਼ਹਿਰ ਅਤੇ ਪਿੰਡ ਵਿੱਚ ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਸਮਾਗਮ ਵਿੱਚ ਪਰਿਵਾਰ ਨਿਯੋਜਨ ਬਾਰੇ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਨੇ ਆਬਾਦੀ ਕੰਟਰੋਲ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਡਾਕਟਰਾਂ, ਏਐਨਐਮਜ਼ ਅਤੇ ਆਸ਼ਾ ਵਰਕਰਾਂ ਦਾ ਵਿਸ਼ੇਸ਼ ਟਰਾਫ਼ੀਆਂ ਨਾਲ ਸਨਮਾਨ ਕੀਤਾ। ਸਮਾਗਮ ਵਿੱਚ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਹਤ ਮੰਤਰੀ ਦੇ ਓਐਸਡੀ ਡਾ. ਬਲਵਿੰਦਰ ਸਿੰਘ, ਡਾਇਰੈਕਟਰ ਸਿਹਤ ਵਿਭਾਗ ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਅਵਨੀਤ ਕੌਰ, ਡਾਇਰੈਕਟਰ ਐਨਐਚਐਮ ਡਾ. ਰੀਟਾ ਭਾਰਦਵਾਜ, ਡਾਇਰੈਕਟਰ ਪੀਐਚਐਸਸੀ ਡਾ. ਮੀਨਾ ਹਰਦੀਪ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ, ਨੋਡਲ ਅਫ਼ਸਰ ਡਾ. ਹੰਸਪ੍ਰੀਤ ਅਤੇ ਡਾ. ਰੁਪਿੰਦਰ ਕੌਰ ਵਾਲੀਆ ਵੀ ਮੌਜੂਦ ਸਨ।


