ਇੱਕਸਾਰ ਚੋਣਾਂ ਸਬੰਧੀ ਚਰਚਾ ਜਮਹੂਰੀਅਤ ਲਈ ਚੰਗਾ ਰੁਝਾਨ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕ ਹੀ ਸਮੇਂ ਕਰਵਾਉਣ ਬਾਰੇ ਸ਼ੁਰੂ ਹੋਈ ਚਰਚਾ ਨੂੰ ਜਮਹੂਰੀਅਤ ਲਈ ਸਿਹਤਮੰਦ ਰੁਝਾਨ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ,ਜਿਨ੍ਹਾਂ ਨੇ ਦੇਸ਼ ਦੇ ਰਾਜਸੀ ਸਭਿਆਚਾਰ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕ ਹੀ ਸਮੇਂ ਕਰਵਾਉਣ ਲਈ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਸਰਕਾਰ ਅਤੇ ਵਿਰੋਧੀ ਧਿਰ ਨੇ ਇਸ ਮੁੱਦੇ ਉੱਤੇ ਆਪੋ ਆਪਣੇ ਵਿਚਾਰ ਰੱਖੇ ਹਨ ਤੇ ਇਹ ਜਮਹੂਰੀਅਤ ਲਈ ਇਹ ਸਿਹਤਮੰਦ ਰੁਝਾਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਕਹਿੰਦੇ ਹਨ ਕਿ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਅਤੇ ਉਸਾਰੂ ਰਵਾਇਤਾਂ ਪੈਦਾ ਕਰਨ ਲਈ ਯਤਨਸ਼ੀਲ ਰਹਿਣਾ ਹੀ ਅਟਲ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਇੱਕ ਹੀ ਸਮੇਂ ਚੋਣਾਂ ਕਰਵਾਉਣ ਦੇ ਮੁੱਦੇ ਉੱਤੇ ਰਾਜਸੀ ਪਾਰਟੀਆਂ ਵੰਡੀਆਂ ਹੋਈਆਂ ਹਨ।

VIA PUNJAB